ਵਾਢੀ ਦਾ ਛੰਦ

ਕਣਕਾਂ ਨੇ ਪੱਕੀਆਂ,ਅੱਖਾਂ ਸੀ ਥੱਕੀਆਂ,
ਵਾਢੀ ਦੇ ਟੈਮ,ਹੋਗੇ ਜੱਟ ਕੈਮ,
ਲਾਉਣ ਮਸ਼ੀਨਾਂ,ਵੈਸਾਖ ਮਹੀਨਾਂ,
ਵਾਢੀਆਂ ਆਈਆਂ,

ਵਾਢੀ ਦਾ ਜੋਰ,ਛੱਡੇ ਕੰਮ ਹੋਰ
ਦੁੱਖ ਦੇ ਗੋਡੇ,ਨਾਂ ਮਿਲਦੇ ਡੋਡੇ
ਬਿੰਦ ਨਾਂ ਸੌਂਦੇ ,ਅਮਲੀ ਨੇ ਰੋਂਦੇ,
ਦੇਣ ਦੁਹਾਈਆਂ

ਵੇਖ ਸਾਹ ਸੁੱਕਦੇ,ਨਾਂ ਰੋਕਿਆਂ ਰੁਕਦੇ
ਬੱਦਲ ਜਦੋਂ ਚੜਦੇ,ਕਾਲਜੇ ਕੱੜਦੇ
ਮੀਂਹ ਤੋਂ ਡਰਦੇ,ਕਾਹਲ ਨੇ ਕਰਦੇ
ਕੇਹੋਜੇ ਦਿਨ ਆਏ

ਲੈ ਕਾਲਜੋਂ ਛੁੱਟੀਆਂ,ਕਿਤਾਬਾਂ ਸੁੱਟੀਆਂ
ਪਾਹੜੇ ਪੁੱਤ ਆਗੇ,ਖੇਤਾਂ ਚ ਛਾਗੇ
ਟਰੈਟ ਚਲਾਉਂਦੇ,ਗੇੜੇ ਆ ਲਾਉਂਦੇ
ਖੇਤਾਂ ਦੇ ਜਾਏ

ਸਿਰਾਂ ਨੂੰ ਆਉਂਦੇ,ਟਰਾਲੀਆਂ ਲਿਆਉਂਦੇ
ਵੱਟਾਂ ਨਾਂ ਵੱਡਦੇ,ਲੀਹਾਂ ਨੇ ਚੜਦੇ
ਟਰੈਟ ਨੇ ਤਕੜੇ,ਟੁੱਟੇ ਨੇ ਸ਼ਕੜੇ
ਔਖੀਆਂ ਬਹੁਤ ਕਮਾਈਆਂ

ਵਾਹਣ ਨੇ ਸਿਲ੍ਹੇ,ਨਾੜ ਨੇ ਗਿਲੇ
ਦੋ ਸੌ ਮਣ ਭਰੀਆਂ,ਵਾਹਣਾਂ ਚ ਖੜੀਆਂ
ਸੰਗਲ ਨੇ ਲਿਉਂਦੇ,ਟੋਚਣ ਨੇ ਪਾਉਂਦੇ
ਟਰਾਲੇ ਨੇ ਵੱਡੇ,ਟਰੈਟ ਕਿਥੋਂ ਕੱਡੇ
ਦਾਬਾਂ ਨੇ ਪਾਈਆਂ

ਰੱਖੀ ਸੀ ਆਸ,ਮਿਲਣ ਨਾਂ ਪਾਸ,
ਟਰਾਲੀਆਂ ਨੇ ਖੜੀਆਂ,ਪਈਆਂ ਨੇ ਅੜੀਆਂ
ਲਾ ਲਾ ਜਿੱਕ, ਛੱਡੇ ਆ ਡਿੱਕ
ਟੈਰ ਨੇ ਮਾੜੇ

ਤੂੜੀ ਦੀਆਂ ਪੰਡਾਂ,ਦਿੰਦੇ ਆ ਗੰਡਾਂ
ਪੈਣ ਹੁਣ ਰਾਤਾਂ,ਭਰਨ ਸਵਾਤਾਂ
ਧੂੜ ਜੀ ਚੜਦੀ,ਕੰਡ ਵੀ ਲੜਦੀ
ਧੁੱਪ ਵੀ ਰਾੜੇ

ਗੁੜਦੇ ਨਾਲ ਪਤਾਸੇ,ਮਾਰੇ ਆ ਮੜਾਸੇ
ਪੀਂਦੇ ਆ ਚਾਹਾਂ,ਗਰਦ ਵਿਚ ਸਾਹਾਂ
ਤੰਗਲੀਆਂ ਫੜੀਆਂ,ਧੂੜਾਂ ਨੇ ਚੜੀਆਂ
ਖਾਂਦੇ ਨੇ ਹੱਕਦਾ

ਮੰਡੀਆਂ ਚ ਦਾਣੇ,ਢੋਏ ਆ ਜਾਣੇ
ਲਿਵਟਾਂ ਨੇ ਚੱਕਦੇ,ਧੂੜਾਂ ਚੋਂ ਤੱਕਦੇ
ਬੈਠੇ ਆ ਬਾਬੇ,ਮਾਰ ਦੇ ਦਾਬੇ
ਜੇ ਦਾਣੇ ਕੋਈ ਚੱਕਦਾ

ਗੇੜੇ ਕੱਡਦੇ ਲਾਲੇ,ਧੁੱਪ ਚ ਕਾਲੇ
ਗਰਮੀ ਨਾਂ ਝੱਲਦੇ,ਮੂੰਹ ਜੇ ਮਲਦੇ,
ਚੱਕਮੇਂ ਪੈਂਰੀ ਆਉਂਦੇ,ਗੱਲ ਨੇ ਸਮਝਾਉਂਦੇ
ਸਾਹਬ ਰਹਿਣ ਕਰਦੇ

ਬਣਾਤੇ ਬੋਹਲ,ਲੱਗਦੇ ਨੇ ਤੋਲ
ਪੱਖੇ ਨੇ ਚੱਲਦੇ,ਘੁੰਡੀਆਂ ਨੇ ਮਲਦੇ,
ਲਾਉਂਦੇ ਨੇ ਮਾਂਜੇ, ਪਿੜਾਂ ਦੇ ਸਾਂਝੇ
ਜੁੜ ਜੁੜ ਬਹਿੰਦੇ

ਆਏ ਘਰੇ ਦਾਣੇ,ਖਿਲਾਰਣੇ ਨਿਆਣੇ
ਗੱਟੇ ਨੀਂ ਸਰਨੇ,ਡਰੰਮ ਵੀ ਭਰਨੇ,
ਬੱਠਲ ਨੇ ਭਾਰੇ,ਲੱਗੇ ਆ ਸਾਰੇ,
ਫਿਰਨ ਸਾਂਭਦੇ ਦਾਣੇ

ਚੁਗਦੇ ਬੱਲੀਆਂ,ਬੰਨ ਕੇ ਪੱਲੀਆਂ
ਦਾਤੀਆਂ ਫੜੀਆਂ,ਧੁੱਪਾਂ ਨੇ ਚੜੀਆਂ
ਲਾਉਂਦੇ ਨੇ ਫੇਰ,ਸੜਕ ਤੇ ਢੇਰ,
ਮਿਹਨਤੀ ਲਾਣੇ

ਪਾਏ ਨੇ ਚੋਲੇ,ਪਿੱਕੇ ਨੇ ਕੋਲੇ
ਬੋਰੇ ਨੇ ਵੱਡੇ,ਢਿੱਡ ਨੇ ਕੱਡੇ
ਕਾਰ ਤੇ ਸੇਵਾ,ਖਾਂਦੇ ਨੇ ਮੇਵਾ
ਵਿਹਲੇ ਸਾਧ ਪਾਖੰਡੀ

ਭਲਾ ਮੰਗ ਸੱਭਦਾ,ਪਤਾਂ ਨੀਂ ਰੱਬਦਾ
ਠੱਗੀਆਂ ਚ “ਲੱਖਿਆ”,ਕੁਝ ਨੀਂ ਰੱਖਿਆ
ਦੱਬਕੇ ਵਾਹ ਲਾ,ਰੱਜਕੇ ਖਾ ਲਾ
ਕਦੇ ਨੀੰ ਥੁੜਦਾ।
‘🖋🖋 ਲੱਖਾ .™

ਕਲਾਕਾਰਾਂ ਦੀ ਧਰਤੀ – ਗਿੱਦੜਬਾਹਾ

ਕਲਾਕਾਰਾਂ ਦੀ ਧਰਤੀ – ਗਿੱਦੜਬਾਹਾ

ਗਿੱਦੜਬਾਹਾ ਦਾ ਨਾਂ ਸੁਣਦੇ ਸਾਰ ਹੀ ਹਰ ਇੱਕ ਪੰਜਾਬੀ ਦੇ ਜਿਹਨ ਵਿਚ ਗੁਰਦਾਸ ਮਾਨ,ਜਾਂ ਨਸਵਾਰ ਦੀ ਡੱਬੀ ਦੀਆਂ ਗੱਲਾਂ ਘੁੰਮਣ ਲੱਗ ਜਾਂਦੀਆਂ ਨੇ,
ਗਿੱਦੜਬਾਹਾ ਦੀ ਧਰਤੀ ਨੇ ਅਜਿਹੇ ਮਹਾਨ ਕਲਾਕਾਰਾਂ ਫਨਕਾਰਾਂ ,ਸਿਆਸਤਦਾਨਾਂ ਨੂੰ ਜਨਮ ਦਿੱਤਾ ਹੈ ਜਿਨ੍ਹਾ ਦੇ ਪ੍ਭਾਵ ਨੂੰ ਇਕੱਲੇ ਪੰਜਾਬ ਨੇ ਹੀ ਨੀਂ ਸਗੋਂ ਪੂਰੇ ਦੇਸ਼ ਨੇ ਕਬੂਲਿਆ ਹੈ।

ਗਿੱਦੜਬਾਹੇ ਦਾ ਇਤਿਹਾਸ –

ਇਕ ਕਥਾ ਪ੍ਰਚਲਿਤ ਹੈ ਕਿ ਗੁਰੂ ਗੋਬਿੰਦ ਸਿੰਘ ਖਦਰਾਣੇ ਦੀ ਢਾਬ ( ਮੁਕਤਸਰ) ਦੀ ਲੜਾਈ ਤੋਂ ਬਆਦ ਇੱਥੇ ਪਹੁੰਚੇ ਤਾਂ ਇਸ ਪਿਪਲੀ ਪਿੰਡ ਦੇ ਵਾਸੀਆਂ ਨੇ ਗੁਰੂ ਜੀ ਦੱਸਿਆ ਕਿ ਇੱਥੇ ਇੱਕ ਗਿੱਦੜ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ ਗੁਰੂ ਜੀ ਦੇ ਕਹਿਣ ਤੇ ਲੋਕ ਇੱਕ ਗਿੱਦੜੀ ਫੜ ਕੇ ਲਿਆਏ ਅਤੇ ਗੁਰੂ ਜੀ ਨੇ ਗਿੱਦੜ – ਗਿੱਦੜੀ ਦਾ ਵਿਆਹ ਕਰ ਦਿੱਤਾ ਜਿਸ ਮਗਰੋਂ ਇਸ ਇਲਾਕੇ ਨੂੰ ਲੋਕ ‘ਗਿੱਦੜਵਿਆਹਿਆ’ ਕਹਿਣ ਲੱਗੇ ਤੇ ਫਿਰ ਹੌਲੀ ਹੌਲੀ ਬਦਲ ਕੇ ‘ਗਿੱਦੜਬਾਹਾ’ ਪੈ ਗਿਆ ।ਇੱਕ ਹੋਰ ਕਥਾ ਪ੍ਚਿਲਤ ਹੈ ਜਿਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਨਾਲ ਤਿੰਨ ਗਿੱਦੜਾਂ ਦੀ ਮੁਕਤੀ ਹੋਈ ਸੀ ਇਸ ਕਰਕੇ ਵੀ ਇਸ ਨੂੰ ਗਿੱਦੜਬਾਹਾ ਕਿਹਾ ਜਾਣ ਲੱਗਾ ।

ਦਸੰਬਰ 1909 ਨੂੰ ਅੰਗਰੇਜ਼ ਅਧਿਕਾਰੀ ਮਿਸਟਰ ਬਲਟਿਨ ਨੇ ਮੌਜੂਦਾ ਗਿੱਦੜਬਾਹਾ ਸ਼ਹਿਰ ਦੇ ਇਮਾਰਤੀ ਢਾਂਚੇ ਦਾ ਨਿਰਮਾਣ ਕਰਵਾਇਆ ਸੀ ।ਗਿੱਦੜਬਾਹਾ ਪੰਜਾਬ ਦੇ ਦੱਖਣ-ਪੱਛਮੀ ਜ਼ੋਨ ਵਿਚ ਸਥਿਤ ਹੈ।ਨੈਸ਼ਨਲ ਹਾਈਵੇ NH-15 ਗਿੱਦੜਬਾਹਾ ਨੂੰ ਬਠਿੰਡਾ ਨਾਲ ਜੋੜਦਾ ਹੈ. ਬਠਿੰਡਾ ਦੇ ਜ਼ਰੀਏ, ਗਿੱਦੜਬਾਹਾ ਰੇਲਵੇ ਰਾਹੀਂ ਵੱਖ-ਵੱਖ ਭਾਰਤੀ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਗਿੱਦੜਬਾਹਾ ਸਬ-ਡਵੀਜ਼ਨ ਹੈ, ਜੋ ਕਿ 68,028 ਹੈਕਟੇਅਰ ਦੇ ਖੇਤਰ ਨੂੰ ਕਵਰ ਕਰਦਾ ਹੈ, ਦੀ ਆਬਾਦੀ ਲਗਭਗ 205,118 ਹੈ।.ਇਸ ਸ਼ਹਿਰ ਦੇ 6 ਗੇਟ ਹੁਸਨਰ ਗੇਟ,ਭਾਰੂ ਗੇਟ,ਥੇਹੜੀ ਗੇਟ,ਦੌਲਾ ਗੇਟ,ਮੇਨ ਘੰਟਾ ਘਰ ਗੇਟ,ਤੇ ਸ਼ਹਿਰ ਦਾ ਗੇਟ

ਗਿੱਦੜਬਾਹਾ ਦੀ ਧਰਤੀ ਨੇ ਜਿੱਥੇ ਗੁਰਦਾਸ ਮਾਨ ਤੇ ਹਾਕਮ ਸੂਫੀ ਵਰਗੇ ਮਹਾਨ ਕਲਾਕਾਰਾਂ ਨੂੰ ਜਨਮ ਦਿੱਤਾ ਹੈ ਉਥੇ ਅਸ਼ੋਕ ਮਸਤੀ, ਮੇਹਰ ਮਿੱਤਲ ,ਪਾਲੀ ਗਿੱਦੜਬਾਹਾ,ਜਾਨੀਂ ਅਤੇ ਦੀਪਕ ਢਿੱਲੋਂ ਵਰਗੇ ਫਨਕਾਰਾਂ ਨੇ ਵੀ ਕਲਾ ਦੇ ਖੇਤਰ ਵਿਚ ਪ੍ਸਿੱਧੀ ਹਾਸਲ ਕੀਤੀ ਹੈ। ਸਿਆਸਤ ਦੇ ਬਾਬਾ ਬੋਹੜ ਪ੍ਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਹਰਚਰਨ ਬਰਾੜ ਵੀ ਏਸੇ ਇਲਾਕੇ ਨਾਲ ਸਬੰਧ ਰੱਖਦੇ ਹਨ।

ਪੰਜਾਬੀ ਸੰਗੀਤ ਜਗਤ ਦਾ ਸਭ ਤੋਂ ਮਹਿੰਗਾ ਗਾਇਕ ਗੁਰਦਾਸ ਮਾਨ ਏਸੇ ਖਿੱਤੇ ਦੀ ਦੇਣ ਹੈ ।ਗੁਰਦਾਸ ਮਾਨ ਨੂੰ ਆਪਣੀ ਜਨਮ ਭੂਮੀ ਨਾਲ ਅੰਤਾਂ ਦਾ ਮੋਹ ਹੈ ਗਿੱਦੜਬਾਹੇ ਦੇ ਲੋਕ ਵੀ ਮਾਨ ਤੇ ਮਾਣ ਕਰਦਾ ਹਨ
ਸੈਂਕੜੇ ਹੀ ਗੀਤਾਂ ਨਾਲ ਕਰੋੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਅਦਬ ਪਿਆਰ ਤੇ ਸਤਿਕਾਰ ਦਾ ਸੁਮੇਲ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਜਿੰਨ੍ਹਾਂ ਨੇ ਅੱਜ ਤਕ ਜੋ ਵੀ ਲਿਖਿਆ, ਗਾਇਆ ਦਰਸ਼ਕਾਂ ਨੇ ਖਿੜੇ ਮੱਥੇ ਕਬੂਲ ਕੀਤਾ ।ਇਹ ਇਕੋ ਇੱਕ ਅਜਿਹਾ ਕਲਾਕਾਰ ਹੈ ਜੋ
ਛੋਟੇ ਬੱਚੇ ਤੋਂ ਲੈ ਕੇ ਵੱਡੀ ਵਡੇਰੀ ਉਮਰ ਦੇ ਬਜੁਰਗ ਤੱਕ ਸਾਰਿਆਂ ਵਿਚ ਹਰਮਨ ਪਿਆਰਾ ਹੈ।
ਗੁਰਦਾਸ ਮਾਨ ਨੂੰ 1998 ਏਸੀਆਈ ਅਤੇ ਮੀਡੀਆ ਪੁਰਸਕਾਰ ਨਾਲ ਸਨਮਾਨਿਆ ਗਿਆ,
ਕੁੜੀਏ, ਅਤੇ ਹੀਰ ਦੇ ਲਿਖੇ ਅਤੇ ਗਾਏ ਗੀਤਾਂ ਬਦਲੇ ਬੈਸਟ ਆਫ ਦੀ ਈਅਰ ਨਾਲ 2005 ਵਿਚ ਈ.ਟੀ.ਸੀ. ਚੈਨਲ ਵੱਲੋ ਸਨਮਾਨਿਆ ਗਿਆ,
7 ਸਤੰਬਰ 2010 ਨੂੰ ਬਾਲਰਹੈਮਪਟਨ ਯੂਨੀਵਰਸਿਟੀ ਵੱਲੋ ਸੰਗੀਤ ਦੀ ਡਾਕਰੇਕਟ ਆਫ ਮਿਊਜਿਕ ਨਾਲ ਸਨਮਾਨਿਆ ਗਿਆ,
2009 ਵਿਚ ਬੂਟ ਪਾਲਿਸ਼ਾ ਐਲਬਮ ਨੂੰ ਯੂ. ਕੇ ਏਸ਼ੀਅਨ ਮਿਊਜਿਕ ਐਵਾਰਡ,
1999 ਵਿਚ ਫਿਲਮ ਸ਼ਹੀਦੇ ਮੁਹੱਬਤ ਬੂਟਾ ਸਿੰਘ,
2006 ਵਿਚ ਫਿਲ਼ਮ ਇਸ਼ਕ ਦਾ ਵਾਰਿਸ ਸਾਹ ਲਈ ਬੈਸਟ ਐਕਟਰ ਦਾ ਐਵਾਰਡ ਅਤੇ
2005 ਵਿਚ ਇਸ਼ਕ ਦਾ ਵਾਰਿਸ ਸਾਹ ਫਿਲਮ ਨੂੰ ਔਸਕਰ ਲਈ ਚੁਣਿਆ ਗਿਆ
ਸਮੇਤ 2012 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਵੀ ਪੰਜਾਬ ਦੇ ਮਾਣ ਗੁਰਦਾਸ ਮਾਨ ਨੂੰ ਡਾਕਟਰੇਟ ਡਿਗਰੀ ਵੀ ਪ੍ਰਦਾਨ ਕੀਤੀ।
ਮਾਨ ਸਾਬ ਨੇ ਇਕ ਤੋ ਮਗਰੋ ਇਕ ਲੱਗਪਗ 330 ਦੇ ਕਰੀਬ ਗੀਤ ਰਿਕਾਰਡ ਕਰਾਏ ।
ਹਾਕਮ ਸੂਫੀ
ਇਸ ਤੋਂ ਇਲਾਵਾ ਹਾਕਮ ਸੂਫੀ ਨੂੰ ਯੁੱਗ ਗਾਇਕ ਕਿਹਾ ਜਾਵੇ ਤਾਂ ਕੋਈ ਅੱਤਕਥਨੀ ਨਹੀ ਹੋਵੇਗੀ ਕਿਉਕਿ ਉਸਨੇ ਪ੍ਰਚੱਲਤ ਦੋ ਅਰਥੀ ਅਸ਼ਲੀਲ ਦੋਗਾਣਿਆ ਦੀ ਗਾਇਕੀ ਦੀ ਪ੍ਰੰਪਰਾ ਨੂੰ ਤੋੜਿਆ ਤੇ ਸੋਲੋ ਗਾਉਣ ਦੀ ਨਵੀ ਪਿਰਤ ਪਾਈ ।
ਪੰਜਾਬੀ ਵਿੱਚ ਲਿੱਖ ਕੇ `ਛੱਲਾ`, `ਕੋਕਾ` ਗੀਤ ਪਹਿਲੀ ਵਾਰ ਗਾਉਣ ਵਾਲਾ ਸੂਫੀ ਸੀ । ਪੰਜਾਬੀ ਦੇ ਲੋਕ ਸਾਜ ਡੱਫਲੀ ਨੂੰ ਵੀ ਪਹਿਲੀ ਵਾਰ ਲੋਕਾਂ ਦੇ ਰੂ-ਬ-ਰੂ ਸੂਫੀ ਨੇ ਕੀਤਾ । ਅੱਜ ਇਸ ਸਾਜ ਨੂੰ ਕਈ ਨਾਮਵਰ ਕਲਾਕਾਰਾਂ ਨੇ ਅਪਣਾਇਆ ਹੋਇਆ ਹੈ।
ਨਸਵਾਰ ਫੈਕਟਰੀ —
ਗਿੱਦੜਬਾਹਾ ਭਾਰਤ ਵਿਚ ਸਨਫ ਦਾ ਸਭ ਤੋਂ ਵੱਡਾ ਉਤਪਾਦਕ ਹੈ, ਜਿਸ ਦੀ 5,6 ਅਤੇ 7 ਫੋਟੋ ਨਾਮਕ ਸਨਫ ਫੈਕਟਰੀ ਪੂਰੇ ਦੇਸ਼ ਵਿਚ ਮਸ਼ਹੂਰ ਹੈ।
ਗਿੱਦੜਬਾਹਾ ਚ ਪੰਜਾਬ ਦੀ ਸਭ ਤੋਂ ਵੱਡੀ ਨਸਵਾਰ ਫੈਕਟਰੀ ਹੋਣ ਕਰਕੇ ਵੀ ਇਹ ਇਲਾਕਾ ਸਾਰੇ ਭਾਰਤ ਵਿਚ ਮਸ਼ਹੂਰ ਹੋਇਆ।
ਸੰਨ 1900 ਦੇ ਆਸਪਾਸ ਇੱਥੋਂ ਦੇ ਸਿੱਧ ਪੁਰਸ ਬਾਬਾ ਗੰਗਾ ਰਾਮ ਨੇ ਆਪਣੇ ਸਰਧਾਲੂ ਖੇਤੂ ਰਾਮ ਨੂੰ ਨਸਵਾਰ ਦਾ ਕਾਰੋਬਾਰ ਕਰਨ ਦੀ ਸਲਾਹ ਦਿੱਤੀ ਸੀ। ਖੇਤੂ ਰਾਮ ਨੇ ਆਪਣੀ ਫਰਮ ‘ਖੇਤੂ ਰਾਮ ਬਿਸੰਭਰ ਦਾਸ’ ਦੇ ਨਾਂਮ ਹੇਠ ਇੱਥੇ ਨਸਵਾਰ ਬਣਾਉਣ ਦਾ ਕਾਰੋਬਾਰ ਸੁਰੂ ਕੀਤਾ। ਦਿਨੋ ਦਿਨ ਵੱਧਦੀ ਮੰਗ ਨੂੰ ਦੇਖਦਿਆਂ ਹੋਇਆ ਉਹਨਾਂ ਨੇ 1915 ਵਿੱਚ ਆਪਣੀ ‘ ਪੰਜ ਫੋਟੋ ਨਸਵਾਰ ‘ ਨਾਮਕ ਮਾਰਕਾ ਬਜਾਰ ਵਿੱਚ ਲਿਆਂਦਾ । ਇਸ ਮਗਰੋਂ ਇਹ ਇਲਾਕਾ ਪੂਰੇ ਭਾਰਤ ਵਿੱਚ ਨਸਵਾਰ ਦੇ ਕਾਰੋਬਾਰ ਵਿੱਚ ਮੋਹਰੀ ਹੋ ਨਿਬੜਿਆ ।ਤੰਬਾਕੂ , ਸੰਗਧਿਤ ਪਦਾਰਥਾਂ , ਮੈਥਾਈਲ ਅਤੇ ਤੇਲ ਬੀਜ ਤੋਂ ਤਿਆਰ ਪਾਊਡਰ ਵਰਗਾ ਇਹ ਪਦਾਰਥ ਪਹਿਲਾਂ ਬੰਦ ਨੱਕ ਖੋਲਣ ਲਈ ਇਸ ਨੂੰ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਸੀ।ਪਰ ਕੁਝ ਲੋਕੀ ਇਸ ਨੂੰ ਸੁੰਘਣ ਦੇ ਆਦੀ ਵੀ ਹੋ ਗਏ ਸਨ ।
ਇਸ ਤੋਂ ਇਲਾਵਾ ਨਰੇਸ਼ ਕਥੂਰੀਆ ਵੀ ਗਿੱਦੜਬਾਹੇ ਦਾ ਮਾਣ ਹਨ,ਉਹ ਇੱਕ ਉੱਘੇ ਪੰਜਾਬੀ ਫਿਲਮ ਲੇਖਕ ਅਤੇ ਅਦਾਕਾਰ ਹਨ, ਲੱਕੀ ਦੀ ਅਣਲੱਕੀ ਸਟੋਰੀ (2013), ਕੈਰੀ ਆਨ ਜੱਟਾ (2012) ਅਤੇ ਭਾ ਜੀ ਇਨ ਪ੍ਰਬਲਮ (2013) ਕੈਰੀ ਆਨ ਜੱਟਾ 2 ਅਤੇ ਸ੍ਰੀ ਅਤੇ ਸ਼੍ਰੀਮਤੀ 420 ਰਿਟਰਨਜ਼ ਅਤੇ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 2017 ,ਉ ਅ ,ਵੇਖ ਬਰਾਤਾਂ ਚੱਲੀਆਂ (2019)ਆਦਿ ਫਿਲਮਾਂ ਦੇ ਡਾਇਲਾਗ ਉਹਨਾਂ ਦੁਆਰਾ ਲਿਖੇ ਗਏ ਹਨ।
ਇੱਥੋਂ ਦਾ ਨੌਜਵਾਨ ਮਨਧੀਰ ਸਿੰਘ ਪੀ.ਟੀ.ਸੀ. ਪੰਜਾਬੀ ਚੈਨਲ ਦੇ ਇੱਕ ਨੌਜਵਾਨ-ਅਧਾਰਿਤ ਟੈਲੀਵਿਜ਼ਨ ਸ਼ੋਅ, ਪੀ.ਟੀ.ਸੀ. ਪੰਜਾਬੀ ਮਿਸਟਰ ਪੰਜਾਬ 2015 ਦਾ ਫਸਟ ਰਨਰ-ਅਪ ਰਿਹਾ ਹੈ।

ਛੋਟੀ ਕਹਾਣੀ ਦਾ ਵੱਡਾ ਲੇਖਕ ਬਿਕਰਮਜੀਤ ਨੂਰ ਵੀ ਇਸ ਵੇਲੇ ਗਿੱਦੜਬਾਹੇ ਦਾ ਮਾਣ ਬਣਿਆ ਹੋਇਆ ਹੈ ਭਾਵੇਂ ਉਹਨਾਂ ਦਾ ਜਨਮ ਅਜੀਤਗੜ (ਮੁਹਾਲੀ ) ਵਿਚ ਹੋਇਆ ਸੀ ਪਰ ਹੁਣ ਉਹਨਾਂ ਦਾ ਪੱਕਾ ਟਿਕਾਣਾ ਗਿੱਦੜਬਾਹਾ ਹੈ।ਇਸ ਸ਼ਾਂਤ ਸੁਭਾਈ ਲੇਖਕ ਦਾ ਪੰਜਾਬੀ ਕਹਾਣੀ ਜਗਤ ਵਿਚ ਆਪਣਾ ਇੱਕ ਨਿਵੇਕਲਾ ਸਥਾਨ ਹੈ
ਉਹਨਾਂ ਦੇ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ‘ਕਾਤਰਾਂ’, ‘ਸ਼ਨਾਖਤ’, ‘ਅਣਕਿਹਾ’, ‘ਮੰਜ਼ਿਲ’, ‘ਮੇਰੀਆਂ ਮਿੰਨੀ ਕਹਾਣੀਆਂ’, ‘ਮੂਕ ਸ਼ਬਦਾਂ ਦੀ ਵਾਪਸੀ’, ‘ਦਸ ਸਾਲ ਹੋਰ’ ਤੇ ‘ਰੰਗ’ ਤੋਂ ਇਲਾਵਾ ਚਾਰ ਨਾਵਲ ‘ਪਾਗਲ ਹਵਾ’, ‘ਗਲੀ ਨੰਬਰ ਚਾਰ’, ‘ਚੁੰਨੀ ਦਾ ਪੱਲਾ’, ‘ਸੰਨ ਸੰਤਾਲੀ ਤੋਂ ਬਾਦ’ ਵੀ ਲਿਖ ਚੁੱਕੇ ਹਨ। ਇਸ ਤੋਂ ਇਲਾਵਾ ਦੋ ਕਾਵਿ ਸੰਗ੍ਰਹਿ, ਇੱਕ ਬਾਲ ਸਾਹਿਤ ਵਾਰਤਕ, ਇੱਕ ਸਵੈ ਜੀਵਨੀ ਮੂਲਕ ਪੁਸਤਕ, ਇੱਕ ਕਹਾਣੀ ਸੰਗ੍ਰਹਿ , ਦੋ ਪੁਸਤਕਾਂ ਦਾ ਅਨੁਵਾਦ ਤੇ ਦੋ ਦਰਜਨ ਦੇ ਲਗਭਗ ਪੁਸਤਕਾਂ ਦਾ ਸਹਿ-ਸੰਪਾਦਨ ਕਰ ਚੁੱਕੇ ਹਨ।

ਇਸ ਤੋਂ ਇਲਾਵਾ ਕਲਾ ਦੇ ਖੇਤਰ ਨਾਲ ਸਬੰਧਤ ਹੋਰ ਬਹੁਤ ਸਾਰੇ ਨਵੇਂ ਕਲਾਕਾਰ ਸਾਹਿਤਕਾਰ ਵੀ ਏਸ ਫੁਲਵਾੜੀ ਚ ਤਿਆਰ ਹੋ ਰਹੇ ਨੇ ਜੋ ਅੱਗੇ ਜਾ ਕੇ ਇਸ ਇਲਾਕੇ ਦੀ ਮਹਿਕ ਨੂੰ ਹੋਰ ਦੇਸਾਂ ਵਿਦੇਸ਼ਾਂ ਚ ਫੈਲਾਉਣਗੇ।

ਸੋ ਹੋਰਨਾਂ ਕਲਾਕਾਰਾਂ ਤੇ ਆਮ ਪੰਜਾਬੀਆਂ ਵਾੰਗੂ ਸਾਨੂੰ ਵੀ ਏਸ ਇਲਾਕੇ ਦਾ ਵਸਨੀਕ ਹੋਣ ਤੇ ਮਾਣ ਹੈ ਜਿਸ ਨੇ ਪੂਰੀ ਦੁਨੀਆਂ ਚ ਸਾਡੀ ਪਹਿਚਾਣ ਬਣੀ ਹੈ
🖋🖊 #ਲੱਖਾਸਿੱਧੂ
ਆਪਣੀ ਵੈੱਬਸਾਇਟ socialpunjab.family.blog

ਪੰਜਾਬੀ ਲੋਕ ਗਾਇਕੀ ਦਾ ਥੰਮ ‘ ਬਾਪੂ ਈਦੂ ਸ਼ਰੀਫ

ਪੰਜਾਂ ਦੇ ਤਵੀਤ ਬਦਲੇ,ਕਾਨੂੰ ਛੱਡ ਗਿਆ ਗਲੀ ਦੇ ਵਿਚੋਂ ਲੰਘਣਾਂ ਵਰਗੇ ਹਿੱਟ ਗੀਤਾ ਦਾ ਰਚੇਤਾ ਅਤੇ ਸਾਰੰਗੀ ਦਾ ਧਨੀ, ਮਹਾਨ ਸ਼੍ਰੋਮਣੀ ਢਾਡੀ ਲੋਕ ਗਾਇਕ ਬਾਪੂ ਈਦੂ ਸ਼ਰੀਫ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰ ਗਏ ਨੇ

,
ਇਹਨਾਂ ਮਹਾਨ ਤੇ ਹਿੱਟ ਕਲਾਕਾਰ ਹੋਣ ਦੇ ਬਾਵਜੂਦ ਵੀ ਇਸ ਕਲਾਕਾਰ ਨੇ ਗੁਰਬਤ ਚ ਸਾਰੀ ਜਿੰਦਗੀ ਲੰਘਾਈ,ਉਸ ਦੇ ਗਾਏ ਗੀਤ ਤੇ ਵਜਦ ਚ ਆ ਕੇ ਵਜਾਈ ਸਾਰੰਗੀ ਨੇ ਰਾਜੀਵ ਗਾਂਧੀ ਨੂੰ ਡੇਢ ਘੰਟਾ ਬਤੌਰ ਪ੍ਰਧਾਨ ਮੰਤਰੀ ਖੜ੍ਹਾ ਰੱਖਿਆ ਸੀ।
ਪੰਮੀ ਬਾਈ, ਅਸ਼ਵਨੀ ਚੈਟਲੇ ਦੀ ਲੱਭਤ ਸੀ ਸ਼ਰੀਫ਼।ਇਹ ਮਹਾਰਾਜਾ ਪਟਿਆਲਾ ਦੇ ਸ਼ਾਹੀ ਗਵੱਈਏ ਈਦੂ ਲਲੌਢੇ ਵਾਲੇ ਦਾ ਪੁੱਤਰ ਸੀ। ਭਾਰਤ ਉਤਸਵ ਵੇਲੇ ਉਸ ਨੂੰ ਮਿਊਜ਼ਿਕ ਟਾਈਮਜ਼ ਨੇ ਰੀਕਾਰਡ ਕੀਤਾ। ਉਸ ਦੀ ਗਾਈ ਹੀਰ ਦੀ ਕਲੀ ਦਾ ਕੋਈ ਜੋੜ ਨਹੀਂ। ਬਹੁਤੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੋਵੇਗਾ ਕਿ ਉਹ ਕੌਣ ਸਨ ਤੇ ਉਹਨਾ ਦੇ ਗੀਤ ਕਿਹੜੇ ਹਨ । ਉਹਨਾ ਨੇ ਪੰਜਾਬੀ ਫਿਲਮਾਂ ਵਿੱਚ ਵੀ ਗਾਇਆ , ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ । ਅਕਾਲ ਪੁਰਖ ਪਰਮਾਤਮਾ ਐਸੇ ਅਨਮੋਲ ਹੀਰੇ ਹੋਰ ਭੇਜੇ ਜਿਸ ਨਾਲ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਜਿਉਂਦੀ ਵੱਸਦੀ ਰਹੇ।
ਜਿੰਦਗੀ ਦੇ ਰੰਗ ਸੱਜਣਾ ,
ਅਸੀਂ ਦਿਲ ਦੇ ਬੈਠੇ ਉਸਨੂੰ ,
ਪਿਆਰ ਢੋਲਾ ,
ਹੀਰ ਦੀ ਕਲੀ ,
ਪੰਜਾਂ ਦੇ ਤਵੀਤ ਬਦਲੇ , ਆਦਿ ਉਹਨਾਂ ਦੇ ਅਮਰ ਗੀਤ ਸਨ।

ਲਿਖਿਆ ਜੋ ਲੋਖਾਂ ਵਿੱਚ ਉਹੀਓ ਕੁਝ ਮਿਲਦਾ ,
ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀ ਹਿੱਲਦਾ
ਡਾਦੇ ਹੱਥ ਹੈ ਡਾਢੇ ਹੱਥ ਹੈ ਸਭ ਦੀ ਡੋਰ . .
ਜ਼ਿੰਦਗੀ ਦੇ ਰੰਗ ਸੱਜਣਾਂ ਅੱਜ ਹੋਰ ਤੇ ਕੱਲ੍ਹ ਨੂੰ ਹੋਰ
ਜ਼ਿੰਦਗੀ ਦੇ ਰੰਗ ਸੱਜਣਾਂ . . .
ਲੱਖਾ ਸਿੱਧੂ

ਰਵੀਸ਼ ਕੁਮਾਰ — ਪੱਤਰਕਾਰੀ ਦਾ ਥੰਮ

“ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ”

ਰਵੀਸ਼ ਕੁਮਾਰ — ਪੱਤਰਕਾਰੀ ਦਾ ਥੰਮ

ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,
ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ,
ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ‘ਪਾਤਰ’
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ,

ਜਾਂ ਪਾਸ਼ ਦੀ ਕਵਿਤਾ

ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ,
ਤਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ,

ਇਹ ਸਤਰਾਂ ਰਵੀਸ਼ ਕੁਮਾਰ ਲਈ ਅੱਜ ਦੇ ਦੌਰ ਵਿਚ ਢੁੱਕਵੀਆਂ ਸਾਬਿਤ ਹੁੰਦੀਆਂ ਹਨ,ਜਦੋਂ ਸਾਰੇ ਚੈਨਲ ਕਿਸੇ ਖਾਸ ਪਾਰਟੀ,ਵਿਚਾਰਧਾਰਾ,ਧਰਮ,ਦੀ ਗੁਲਾਮੀ ਕਰ ਰਹੇ ਹਨ ਤਾਂ ਉਹਨਾਂ ਵਿਚ NDTV ਚੈਨਲ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਰਵੀਸ਼ ਕੁਮਾਰ ਉਸ ਦੀਵੇ ਵਾਂਗ ਚਾਨਣ ਕਰ ਰਹੇ ਨੇ ਜਿਸ ਨੂੰ ਬੁਝਾਉਣ ਲਈ ਹਵਾ ਦੇ ਵਰੋਲੇ ਆਪਣਾ ਪੂਰਾ ਜੋਰ ਲਾ ਰਹੇ ਨੇ,ਮੋਦੀ ਦੇ ਗੋਦੀ ਮੀਡੀਆ ਦੇ ਦੌਰ ਵਿਚ ਜਦੋਂ ਸਾਰੇ tv ਚੈਨਲ,ਅਖਬਾਰ,ਸ਼ੋਸ਼ਲ ਮੀਡੀਆ ਦੇ ਪੇਜ ਮੋਦੀ ਦੇ ਪੈਰ ਚੱਟ ਰਹੇ ਹਨ ਤਾਂ NDTv ਚੈਨਲ ਏਸ ਸਮੇਂ ਵਿਚ ਆਪਣੀ ਨਿਰਪੱਖ ਪੱਤਰਕਾਰੀ ਦੀ ਵੱਡੀ ਮਿਸਾਲ ਕਾਇਮ ਕਰ ਰਿਹਾ ਹੈ,ਰਵੀਸ਼ ਕੁਮਾਰ ਪੱਤਰਕਾਰ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਖਤਰੇ ਵਿਚ ਪਾ ਕੇ ਆਮ ਲੋਕਾਂ ਦੀ ਆਵਾਜ ਨੂੰ ਵੱਡੇ ਪਲੇਟਫਾਰਮ ਜਾਂ ਮੇਨ ਸਟਰੀਮ ਤੇ ਪਰਸਾਰਿਤ ਕਰ ਰਿਹਾ ਹੈ,ਬਦਨਾਮ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਏਦੇ ਲਈ ਰੋਜਾਨਾਂ ਦਾ ਆਮ ਵਰਤਾਰਾ ਬਣ ਚੁੱਕੀਆਂ ਹਨ,ਪਰ ਲੱਗਦਾ ਹੈ ਜਿਵੇਂ ਇਹ ਤੁਕਾਂ ਇਹਨਾਂ ਲਈ ਹੀ ਬਣੀਆਂ ਨੇ।
ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ,
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ,
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ,

ਆਪਣੀ ਬੇਬਾਕ ਪੱਤਰਕਾਰੀ ਲਈ ਰਵੀਸ਼ ਕੁਮਾਰ ਨੂੰ ਏਸੇ ਸਾਲ ਵਿਚ ਏਸ਼ੀਆ ਦਾ ਨੋਬਲ ਪੁਰਸਕਾਰ ਮੰਨੇ ਜਾਂਦੇ “ਰੇਮਨ ਮੈਗਸੇਸੇ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਰਵੀਸ਼ ਕੁਮਾਰ ਨੇ ਆਪਣੇ ਸੋ਼ਅ ‘ ਪ੍ਰਾਈਮ ਟਾਈਮ’ ਦੇ ਜ਼ਰੀਏ ਜਿੱਥੇ ਮੋਦੀ ਸਰਕਾਰ ਦੀਆਂ ਫਿਰਕੇ ਵਾਲੀਆਂ ਮਾਰੂ ਨੀਤੀਆ ਨੂੰ ਜੱਗ ਜਾਹਿਰ ਕੀਤਾ ਹੈ ਉੱਥੇ ਮਨੁੱਖਤਾ ਨਾਲ ਜੁੜੀਆਂ ਬਹੁਤ ਸਾਰੀਆਂ ਕਹਾਣੀਆਂ ਸਪੈਸ਼ਲ ਸਟੋਰੀਜ਼ ਸੋ਼ਅ ਰਾਹੀ ਪੇਸ਼ ਕੀਤੀਆਂ ਹਨ। ਰਵੀਸ ਕੁਮਾਰ ਦਾ ਪ੍ਰੋਗਰਾਮ ਆਮ ਲੋਕਾਂ ਦੀ ਅਣਕਹੀ ਅਤੇ ਅਸਲੀ ਸਮੱਸਿਆ ਨੂੰ ਚੁੱਕਦਾ ਹੈ,ਉਹਨਾਂ ਅਨੁਸਾਰ ‘ਜੇ ਤੁਸੀਂ ਲੋਕ ਆਵਾਜ਼ ਬਣ ਜਾਂਦੇ ਹੋ ਤਾਂ ਤੁਸੀਂ ਪੱਤਰਕਾਰ ਹੋ’।
ਇਸ ਦੇਸ਼ ਵਿਚ ਜਿਸ ਨੂੰ ਵੀ ਲਗਦਾ ਹੈ ਕਿ ਉਸ ਦੀ ਕੋਈ ਆਵਾਜ਼ ਨਹੀਂ ਸੁਣਦਾ, ਉਸ ਨੂੰ ਰਵੀਸ਼ ਕੁਮਾਰ ਤੋਂ ਉਮੀਦ ਹੁੰਦੀ ਹੈ। ਟੀਵੀ ਪੱਤਰਕਾਰਤਾ ਦੇ ਇਸ ਸ਼ੋਰ ਸ਼ਰਾਬੇ ਭਰੇ ਦੌਰ ਵਿਚ ਉਨ੍ਹਾਂ ਨੇ ਨਿਰਪੱਖ ਪੱਤਰਕਾਰਤਾ ਦਾ ਝੰਡਾ ਬੁਲੰਦ ਰੱਖਿਆ ਹੈ। ਏਹੋ ਅਰਦਾਸ ਹੈ ਕਿ ਰੱਬ ਉਹਨਾਂ ਨੂੰ ਚੜਦੀ ਕਲਾ ਤੇ ਨਿਰਪੱਖ ਪੱਤਰਕਾਰੀ ਕਰਨ ਦਾ ਹੋਰ ਬਲ ਬਕਸ਼ੇ,।

ਪੈਰ ਸੂਲਾਂ ਤੇ ਵੀ ਨੱਚਦੇ ਰਹਿਣਗੇ,
ਰਾਜੀਨਾਮਾ ਵਕਤ ਨਾਲ ਨਹੀਂ ਕਰਨਾਂ,

ਬੱਬੂ ਮਾਨ ਦਾ ਗੀਤ —–

ਆਧੇ ਵਾਲ਼ੀ ਚਾਹ ਵੇਚਕੇ,
ਬੰਦਾ ਦੇਖਲੋ ਚੋਟੀ ਤੇ ਜਾ ਟਿਕਿਆ…
ਵਿਕ ਗਿਆ ਸਾਰਾ ਮੀਡੀਆ
ਕੱਲਾ ਰਵੀਸ਼ ਕੁਮਾਰ ਨਹੀ ਵਿਕਿਆ
ਲਿੱਖੇ ਕੋਈ ਸੱਚ ਮਿੱਤਰੋ,
ਅੱਡੀ ਮਾਰੇ ਫਿਰ ਫੁੱਟਦੇ ਫੁਆਰੇ…
ਸਾਨੂੰ ਨੀ ਕਲਿੱਕਾਂ ਪੈਂਦੀਆਂ,
ਸਾਨੂੰ ਹੁੰਦੇ ਨੀ ਵਿਊ ਸਰਕਾਰੇ…

THE FREE VOICE ਲਿਖਤ -ਲੱਖਾ ਸਿੱਧੂ

ਪੇਂਡੂ ਜੇ ਸਬਾ

ਪਿੰਡਾਂ ਵਾਲੇ ਜੇ ਕਿਤੇ ਓਪਰੇ ਥਾਂ ਜਾ ਵੜਨ ਜਾਂ ਕਿਸੇ ਨਵੀ ਜੀ ਪਈ ਸਕੀਰੀ ਚ ,ਪਹਿਲਾਂ ਜਾਂਦੇ ਸਾਰ ਈ ਸਸਰੀਕਲ ਬੰਦੇ ਦੇ ਦੂਰੋਂ ਹੀ ਚਲਾਂਵੀ ਮਾਰਨਗੇ ਅੱਗੋਂ ਬੰਦੇ ਦੇ ਭਾਂਵੇ ਗੋਡੇ ਵੱਜੇ ਭਾਂਵੇ ਗਿੱਟੇ, ਫ਼ਿਰ ਓਨਾਂ ਚਿਰ ਚੁੱਪ ਬੈਠੇ ਰਹਿਣਗੇ ਜਿਨਾਂ ਚਿਰ ਕੋਈ ਬਲਾਉਂਦਾ ਨੀਂ ਜਾਂ ਚਾਹ ਨੀਂ ਲਿਆਉਂਦਾ
ਜੇ ਕੋਈ ਗੱਲ ਛੇੜੇ ਵੀ ” ਆ ਚੰਡੀਗੜ ਨੰੂ ਜਾਂਦੀ ਸੜਕ ਵੀ ਬੜੀ ਖੁੱਲੀ ਬਣੀ ਆ ਪਰ ਟੋਲ ਪਲਾਜੇ ਜਿਆਦਾ ਹੈਗੇ ਆ ” ਤਾਂ ਅਗਲੇ ਦੀ ਗੱਲ ਸੁਣਕੇ ਹੂੰ,ਹਾਂ,ਹਾਂ ਜੀ,ਆਹੋ ਜੀ,ਮਰੇ ਜੇ ਮਨ ਨਾਲ ਕਰੀ ਜਾਣਗੇ ਤੇ ਆਸੀਂ ਪਾਸੀਂ ਕੰਧਾਂ ਤੇ ਊਂਈਂ ਨਿਗਾ ਮਾਰੀ ਜਾਣਗੇ ਪਰ ਜਦੋਂ ਕੋਈ ਚਾਨ ਚੱਕ ਈ ਪੁੱਛ ਲਵੇ ਬਈ
“ਥੋਡੇ ਝੋਨਾਂ ਈ ਲੱਗਦਾ ਕੇ ਨਰਮੇ ਆਲੇ ਵੀ ਹੈਗੇ ਆ ਵਾਣ”
ਤਾਂ ਝੱਟ ਕੰਨ ਖੜੇ ਕਰ ਲੈਣਗੇ ਤੇ ਮਨ ਚ ਸੋਚਣਗੇ ਵੀ ਆ ਬੰਦਾ ਵਾਵਾ ਸਿਆਣਾ ਲੱਗਦਾ ਏਦੇ ਨਾਲ ਸਾਬ ਨਾਲ ਗੱਲ ਕਰਨੀ ਪਊਗੀ
ਫੇਰ ਕੇਰਾ ਤਾਂ ਦੱਸ ਦੇਣਗੇ ” ਜੀ ਝੋਨਾ ਈ ਲੱਗਦਾ”
ਜੇ ਕੋਈ ਅੱਗੋਂ ਥੋੜੀ ਜੀ ਦਿਲਚਸਪੀ ਦਿਖਾਵੇ ਵੀ
“ਪਾਣੀ ਤਾਂ ਥੋਡੇ ਅੰਨੀਂ ਚੰਗੇ ਹੋਣਗੇ ” ਫੇਰ ਤਾਂ ਪਤੰਦਰ ਫੋੜ ਦੇ ਇੰਜਣ ਆਂਗੂ ਖੁੱਲ ਜਾਂਦੇ ਆ ਤੇ ਚੁੱਪ ਕਰਾਉਣੇ ਔਖੇ ਹੋ ਜਾਂਦੇ ਆ, ਅਗਲਾ ਵੀ ਝੁਰੀ ਜਾਂਦਾ ਵੀ ਆ ਕਿਥੋ ਭਰਿੰਡਾਂ ਦੇ ਖੱਖਰ ਨੰੂ ਹੱਥ ਪਾ ਲਿਆ ,ਸਾਰੀ ਹਿਸਟਰੀ ਫ਼ਰੋਲ ਦਿੰਦੇ ਆ ਆਵਦੇ ਘਰ ਦੀ ਤੇ ਪਿੰਡ ਦੀ
“ਆਹੋ ਜੀ ਪਾਣੀ ਤਾਂ ਬਾਲੇ ਮਿੱਠੇ ਆ ਸਾਡੇ ਅੰਨੀ ਤਾਂ ਜਵਾਂ ਸ਼ਹਿਦ ਅਰਗੇ ਆ,ਨਰਮੇ ਤਾਂ ਨੀਂ ਹੁੰਦੇ ਸਾਡੇ ਅੰਨੀਂ,ਕੋਈ ਭਵਾਂ ਬੀਜ ਲਵੇ ਛੱਟੀਆਂ ਆਸਤੇ,ਊਂ ਸਾਰੇ ਝੋਨੇ ਆਲੇ ਵਾਣ ਈ ਆ,ਝੋਨੇ ਸਾਡੇ ਆਲੇ ਪਾਸੇ ਬਾਲੇ ਭਾਰੇ ਹੁੰਦੇ ਆ,ਸੌ ਸੂ ਮਣ ਰਾਮ ਨਾਲ ਝੜ ਜਾਂਦੇ ਆ, ਐਦੂਂ ਜਾਦੇ ਵੀ ਝੜ ਜਾਂਦੇ ਆ,ਪਾਣੀ ਦੀ ਐਦੂਂ ਮੌਜ ਆ,ਹਰੇਕ ਦੇ ਦੋ ਦੋ ੩-੩ਮੋਟਰਾਂ ਲੱਗੀਆਂ ਆਂ, ਜਵਾਂ ਨੈਰ ਨਾਲ ਘਸਾ ਕੇ,ਓਦਰੋਂ ਪੈਪਾਂ ਪਾਈਆਂ ਪੱਥਰ ਦੀਆਂ,ਮੋਟਰਾਂ ਦਾ ਪਾਣੀ ਪੈਪਾ ਨਾਲ ਵਾਣ ਚ ਆ ਜਾਂਦਾ ,ਕੋਈ ਆੜ ਨੀਂ ਘੜਨੀਂ ਪੈਂਦੀ,ਪਾਣੀ ਜਵਾਂ ਵਾਣ ਦੇ ਵਚਾਲੇ ਉਬਲਦਾ ,ਜੇ ਕਿਸੇ ਦੇ ਮਾੜੀ ਮੋਟੀ ਆੜ ਖਾਲ ਹੈਗੀ ਆ ਤਾਂ ਮੂੰੂਹੇਆਂ ਤੇ ਫਰੇਮ ਲੱਗੇ ਆ,ਤੈਨੰੂ ਕਹੀ ਚੱਕਣ ਦੀ ਲੋੜ ਨੀਂ ਜਿਵੇਂ ਅਗਲੇ ਤੋਂ ਪਾਣੀ ਦੀ ਵਾਰੀ ਲਵਾਉਣੀ ਹੁੰਦੀ ਆ
ਫੇਰ ਊਂਈ ਲੋਰ ਚ ਆਕੇ ਸਿਫ਼ਤਾਂ ਦੇ ਪੁਲ ਬੰਨੀ ਜਾਣਗੇ
ਸਾਡੇ ਨੈਰਾਂ ਦਾ ਬਲਾਂ ਸੁੱਖ ਆ ਇੱਕ ਵੱਡੀ ਆ ਜੂਜੀ ਛੋਟੀ ਆ,ਵੱਡੀ ਤਾਂ ਦੋ ਕਿੱਲਿਆਂ ਦੀ ਉਸਰੀ ਜੀਨੀ ਚੌੜੀ ਆ,ਮਗਰੋਂ ਕਹਿੰਦੇ ਆ ਨੈਰਾਂ ਕੱਚੀਆਂ ਈ ਆ,ਸਾਡੇ ਨਿੱਕੀ ਨੈਰ ਤੇ ਗੌਰਮੈਂਟ ਨੇ ਪੱਖੇ ਲਵਾਏ ਆ ਵੀ ਕਿਤੇ ਸਾਡੇ ਪਿੰਡ ਆਲਿਆਂ ਨੰੂ ਝੋਨੇ ਆਲੇ ਟੈਮ ਚ ਕੱਦੂ ਕਰਨ ਚ ਡਿੱਕਤ ਨਾਂ ਆਵੇ ,ਊਂ ਪਾਣੀ ਬਥੇਰਾ ਸਾਡੇ ਦੋ ਪੱਖੇ ਹੋਰ ਨਵੇਂ ਮੰਨਜੂਰ ਕਰਤੇ ਬਾਦਲ ਨੇ ,ਨੈਰ ਦਾ ਪਾਣੀ ਰੇਲਵੇ ਲੈਨ ਤੋਂ ਪਰਲੇ ਪਾਸੇ ਟੱਪ ਗਿਆ,ਪਰ ਭੈਣ ਚੋ ਰੇਲਵੇ ਆਲੇ ਥੱਲੇ ਦੀ ਪੈਪ ਨੀਂ ਟਪਾਉਣਾ ਦਿੰਦੇ.ਇੱਕ ਸਾਡਾ ਲਾਂਘਾ ਬੰਦ ਕਰਤਾ ਭੈਣ ਦੇ ਯਾਰਾਂ ਨੇ,ਜੇ ਬਾਲਾ ਮੀਂਹ ਪੈਜੇ ਅਸੀ ਨੈਰ ਚ ਪੁਠਾ ਪ ਾਣੀ ਵੀ ਸਿੱਟ ਦੇਨੇ ਆਂ,ਕੋਈ ਨੀਂ ਰੋਕਦਾ ਸਾਨੂੰ ,ਊਂ ਯਰ ਐਂਵੇ ਮੈਂ ਆਖਾਂ ਮੀਂਹ ਜਾਦੇ ਸਾਨੰੂ ਖਰਾਬ ਕਰਦਾ,ਟਰੈਟ ਟਰਾਲੀਆਂ ,ਖੂਬੀ ਜਾਂਦੇ ਆ ਫ਼ਿਰ ਐਵੇਂ ਮੰਡੀਰ ਢਿੱਡ ਕੱਠਾ ਕਰਾਈ ਜਾਂਦੀ ਆ ਟਰੈਟਾਂ ਦਾ ਟੋਚਨ ਪਾ ਪਾ ਕੇ , ਨਾਲੇ ਮੂਵੀ ਬਣਾਈ ਜਾਂਣਗੇ,ਸੰਗਲ ਤੋੜੀ ਜਾੱਣਗੇ,ਸਲਿੱਪ ਮਰਵਾਈ ਜਾਣਗੇ ਪਤਾ ਨੀਂ ਸਾਲਿਆਂ ਨੰੂ ਕੀ ਲੱਸ਼ ਚੜਦੀ ਆ ਟਰੈਟ ਖਬੋ ਕੇ, ਕਣਕ ਬੀਜਣ ਵੇਲੇ ਵੀ ਸਾਨੂੰ ਪਾਣੀ ਲ਼ਾਉਂਣਾ ਨੀਂ ਪੈਂ………………………
ਲੱਖਾ

ਬਲਦਾਂ ਤੇ ਕਿਸਾਨਾਂ ਦੀ ਜਾਨ ਸੌਖੀ ਕਰਨ ਵਾਲਾ

ਹੈਨਰੀ ਫੋਰਡ ਤੇ ਮੈਸੀ ਫਰਗੂਸਨ

ਹੈਨਰੀ ਫੋਰਡ ਭਾਵੇਂ ਅਮਰੀਕਾ ਦੇ ਮਿਸ਼ੀਗਨ ਦਾ ਰਹਿਣ ਵਾਲਾ ਸੀ ਪਰ ਫੋਰਡ ਨਾਂ ਹਰ ਇੱਕ ਕਿਸਾਨ ਨੂੰ ਆਪਣਾ ਜਾਪਦਾ ਹੈ।
ਹੈਨਰੀ ਫੋਰਡ ਦਾ ਨਾਮ ਕਿਸਾਨੀ ਦੇ ਹੱਕ ਵਿਚ ਨਾਅਰਾ ਮਾਰਨ ਵਾਲੇ ਉਹਨਾਂ ਮਹਾਨ ਲੋਕਾਂ ਵਿਚ ਸ਼ਾਮਲ ਹੈ ਜਿਨਾਂ ਨੇ ਆਪਣੀ ਮਿਹਨਤ,ਲਗਨ ਸਦਕਾ ਖੇਤੀ ਨੂੰ ਆਧੁਨਿਕ ਲੀਹਾਂ ਤੇ ਲਿਆਂਦਾ।ਉਸ ਦੁਆਰਾ ਬਣਾਇਆ ਫੋਰੜ ਟਰੈਕਟਰ ਕਿਸਾਨਾਂ ਤੇ ਖੇਤੀ ਕਰਨ ਵਾਲੇ ਜਾਨਵਰਾਂ ਲਈ ਵਰਦਾਨ ਸਾਬਤ ਹੋਇਆ।ਫੋਰਡ ਤੇ ਮੈਸੀ ਫਰਗੂਸਨ ਨੇ ਆਪਣੀ ਮਿਹਨਤ ਨਾਲ ਅਜਿਹੇ ਟਰੈਕਟਰਾਂ ਦਾ ਨਿਰਮਾਣ ਤੇ ਉਹਨਾਂ ਵਿਚ ਸੋਧ ਕੀਤੀ ਕਿ ਖੇਤੀਬਾੜੀ ਦਾ ਧੰਦਾ ਜੋ ਪੁਰਾਣੇ ਸਮੇਂਆਂ ਵਿਚ ਬਹੁਤ ਸਹਿਜ ਤੇ ਹੱਥੀਂ ਮਿਹਨਤ ਦਾ ਕੰਮ ਸੀ ਨੂੰ ਗਤੀਸ਼ੀਲ ਤੇ ਸੌਖਾ ਬਣਾਇਆ।ਸਾਇਦ ਹੈਨਰੀ ਫੋਰਡ ਨੇ ਵੀ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਸ ਦੁਆਰਾ ਬਣਾਇਆ ਫੋਰਡ ਟਰੈਕਟਰ ਕਿਸੇ ਸਮਾਜ ਵਿਚ ਪੁੱਤਰ ਦਾ ਦਰਜਾ ਹਾਸਿਲ ਕਰ ਲਵੇਗਾ।ਪੰਜਾਬੀਆਂ ਦਾ ਫੋਰਡ ਟਰੈਕਟਰ ਨਾਲ ਖਾਸਾ ਮੋਹ ਹੈ,ਪੰਜਾਬੀਂ ਗਾਣਿਆਂ ,ਫਿਲਮਾਂ ,ਗੱਲਾਂ ਵਿਚ ਫੋਰਡ ਟਰੈਕਟਰ ਦਾ ਜਿਕਰ ਬੜੇ ਮਾਣ ਨਾਲ ਕੀਤਾ ਜਾਂਦਾ ਹੈ।
ਜਿਵੇਂ ,”ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ” ਆਦਿ

ਪੁਰਾਤਨ ਸਮੇਂ ਦੌਰਾਨ ਖੇਤੀ ਬਲਦਾਂ,ਊਠਾਂ,ਝੋਟਿਆਂ ਆਦਿ ਨਾਲ ਰਵਾਇਤੀ ਢੰਗਾਂ ਨਾਲ ਕੀਤੀ ਜਾਂਦੀ ਸੀ|ਉਸ ਸਮੇਂ ਦੌਰਾਨ ਖੇਤੀਬਾੜੀ ਲਈ ਕਿਸੇ ਵੀ ਪਰਕਾਰ ਦੀ ਤਕਨੀਕ ਵਿਕਸਿਤ ਨਾਂ ਹੋਣ ਕਰਕੇ ਕਿਸਾਨਾਂ ਤੇ ਬਲਦਾਂ ਦੀ ਜਾਨ ਹਰ ਵੇਲੇ ਔਖੀ ਰਹਿੰਦੀ ਸੀ |
ਸਭ ਤੋਂ ਪਹਿਲਾਂ ‘ਹੈਨਰੀ ਫੋਰਡ’ ਨੇ 1903 ਤੱਕ ਕਾਰਾਂ ਬਣਾਉਣ ਦਾ ਕੰਮ ਕੀਤਾ। ਉਸਤੋਂ ਬਾਅਦ ਉਸਦੇ ਦਿਮਾਗ ਵਿੱਚ ਟਰੈਕਟਰ ਬਣਾਉਣ ਦਾ ਵਿਚਾਰ ਆਇਆ। ਕਿਉਂਕਿ ਹੈਨਰੀ ਫੋਰਡ ਇੱਕ ਕਿਸਾਨ ਦੇ ਪਰਿਵਾਰ ਦਾ ਸੀ।ਹੈਨਰੀ ਫੋਰਡ ਨੇ 1916ਚ ਪਹਿਲਾ ਟਰੈਕਟਰ ਬਣਾਇਆ ਜਿਸਦਾ ਨਾਮ ‘ਦ ਮੋਮ’ ਟਰੈਕਟਰ ਰੱਖਿਆ।

ਉਸ ਸਮੇ ਉਹ ਟਰੈਕਟਰ ਦਾ ਨਾਮ ਫੋਰਡ ਨਹੀਂ ਰੱਖ ਸਕਦੇ ਸਨ ਕਿਉਂਕਿ ਮਾਰਕੀਟ ਵਿੱਚ ‘ਫੋਰਡ ਮੋਟਰ ਕੰਪਨੀ’ ਪਹਿਲਾਂ ਤੋਂ ਹੀ ਕਿਸੇ ਹੋਰ ਕੋਲ ਚੱਲ ਰਹੀ ਸੀ ।ਇਸਤੋਂ ਬਾਅਦ 1920 ਵਿੱਚ ਹੈਨਰੀ ਫੋਰਡ ਨੇ ਪਹਿਲਾਂ ਤੋਂ ਚੱਲ ਰਹੀ ਫੋਰਡ ਮੋਟਰ ਕੰਪਨੀ ਨੂੰ ਖਰੀਦ ਲਿਆ ਅਤੇ ਉਸਦੇ ਟਰੈਕਟਰ ‘ਫੋਰਡਸਨ’ ਨਾਮ ਤੋਂ ਬਣਨੇ ਸ਼ੁਰੂ ਹੋਏ, 1920 ਤੋਂ 1964 ਤੱਕ ਇਹ ‘ਫੋਰਡਸਨ’ ਨਾਮ ਨਾਲ ਹੀ ਆਉਂਦੇ ਸਨ। ਫਿਰ 1964 ਤੋਂ ਬਾਅਦ ਕੰਪਨੀ ਦੇ ਸਾਰੇ ਟਰੈਕਟਰ ‘ਫੋਰਡ’ ਨਾਮ ਆਉਣੇ ਸ਼ੁਰੂ ਹੋਏ।ਪਹਿਲਾਂ ਫੋਰਡ ਦੇ ਟਰੈਕਟਰਾਂ ਵਿੱਚ ਬ੍ਰੇਕਾਂ ਨਹੀਂ ਹੁੰਦੀਆਂ ਸਨ ਇਹ ਕਲੱਚ ਨੂੰ ਨੱਪ ਕੇ ਹੀ ਰੁਕ ਜਾਂਦੇ ਸਨ ਕਿਉਂਕਿ ਇਨ੍ਹਾਂ ਦੀ ਰਫਤਾਰ ਬਹੁਤ ਹੌਲੀ ਹੁੰਦੀ ਸੀ
ਅਤੇ ਪਹਿਲਾਂ ਇਹ ਟਰੈਕਟਰ ਮਿੱਟੀ ਦੇ ਤੇਲ ਨਾਲ ਚਲਦੇ ਸਨ, ਇਹਨਾਂ ਨੂੰ ਗੈਸੋਲੀਨ ਨਾਲ ਸਟਾਰਟ ਕਰਕੇ ਫਿਰ ਮਿੱਟੀ ਦੇ ਤੇਲ ਤੇ ਕਰ ਦਿੱਤਾ ਜਾਂਦਾ ਸੀ। ਸ਼ੁਰੂ ਵਿੱਚ ਇਨ੍ਹਾਂ ਟਰੈਕਟਰਾਂ ਦੇ ਟਾਇਰ ਵੀ ਸਟੀਲ ਦੇ ਬਣੇ ਹੋਏ ਹੁੰਦੇ ਸਨ। ਅਤੇ ਇਹਨਾਂ ਟਰੈਕਟਰਾਂ ਵਿੱਚ ਹਾਈਡ੍ਰੌਲਿਕ ਸਿਸਟਮ ਵੀ ਨਹੀਂ ਸੀ।ਉਸਤੋਂ ਬਾਅਦ 1940 ਵਿੱਚ ਹੈਨਰੀ ਫੋਰਡ ਨੇ ਮੈਸੀ ਫਰਗੂਸਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਸੋਚਿਆ ਕਿ ਟਰੈਕਟਰਾਂ ਵਿੱਚ ਕੋਈ ਨਵੀ ਤਕਨੀਕ ਲਿਆਂਦੀ ਜਾਵੇ। ਅਤੇ ਇਸਤੋਂ ਬਾਅਦ ਹੀ ਫੋਰਡ ਅਤੇ ਮੈਸੀ ਟਰੈਕਟਰਾਂ ਵਿੱਚ ਲਿਫਟ ਸਿਸਟਮ ਦੀ ਸ਼ੁਰੂਆਤ ਹੋਈ।
ਲੱਖਾ ਸਿੱਧੂ

ਹੈਨਰੀ ਫੋਰਡ ਭਾਵੇਂ ਅਮਰੀਕਾ ਦੇ ਮਿਸ਼ੀਗਨ ਦਾ ਰਹਿਣ ਵਾਲਾ ਸੀ ਪਰ ਫੋਰਡ ਨਾਂ ਹਰ ਇੱਕ ਕਿਸਾਨ ਨੂੰ ਆਪਣਾ ਜਾਪਦਾ ਹੈ।
ਹੈਨਰੀ ਫੋਰਡ ਦਾ ਨਾਮ ਕਿਸਾਨੀ ਦੇ ਹੱਕ ਵਿਚ ਨਾਅਰਾ ਮਾਰਨ ਵਾਲੇ ਉਹਨਾਂ ਮਹਾਨ ਲੋਕਾਂ ਵਿਚ ਸ਼ਾਮਲ ਹੈ ਜਿਨਾਂ ਨੇ ਆਪਣੀ ਮਿਹਨਤ,ਲਗਨ ਸਦਕਾ ਖੇਤੀ ਨੂੰ ਆਧੁਨਿਕ ਲੀਹਾਂ ਤੇ ਲਿਆਂਦਾ।ਉਸ ਦੁਆਰਾ ਬਣਾਇਆ ਫੋਰੜ ਟਰੈਕਟਰ ਕਿਸਾਨਾਂ ਤੇ ਖੇਤੀ ਕਰਨ ਵਾਲੇ ਜਾਨਵਰਾਂ ਲਈ ਵਰਦਾਨ ਸਾਬਤ ਹੋਇਆ।ਫੋਰਡ ਤੇ ਮੈਸੀ ਫਰਗੂਸਨ ਨੇ ਆਪਣੀ ਮਿਹਨਤ ਨਾਲ ਅਜਿਹੇ ਟਰੈਕਟਰਾਂ ਦਾ ਨਿਰਮਾਣ ਤੇ ਉਹਨਾਂ ਵਿਚ ਸੋਧ ਕੀਤੀ ਕਿ ਖੇਤੀਬਾੜੀ ਦਾ ਧੰਦਾ ਜੋ ਪੁਰਾਣੇ ਸਮੇਂਆਂ ਵਿਚ ਬਹੁਤ ਸਹਿਜ ਤੇ ਹੱਥੀਂ ਮਿਹਨਤ ਦਾ ਕੰਮ ਸੀ ਨੂੰ ਗਤੀਸ਼ੀਲ ਤੇ ਸੌਖਾ ਬਣਾਇਆ।ਸਾਇਦ ਹੈਨਰੀ ਫੋਰਡ ਨੇ ਵੀ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਸ ਦੁਆਰਾ ਬਣਾਇਆ ਫੋਰਡ ਟਰੈਕਟਰ ਕਿਸੇ ਸਮਾਜ ਵਿਚ ਪੁੱਤਰ ਦਾ ਦਰਜਾ ਹਾਸਿਲ ਕਰ ਲਵੇਗਾ।ਪੰਜਾਬੀਆਂ ਦਾ ਫੋਰਡ ਟਰੈਕਟਰ ਨਾਲ ਖਾਸਾ ਮੋਹ ਹੈ,ਪੰਜਾਬੀਂ ਗਾਣਿਆਂ ,ਫਿਲਮਾਂ ,ਗੱਲਾਂ ਵਿਚ ਫੋਰਡ ਟਰੈਕਟਰ ਦਾ ਜਿਕਰ ਬੜੇ ਮਾਣ ਨਾਲ ਕੀਤਾ ਜਾਂਦਾ ਹੈ।
ਜਿਵੇਂ ,”ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ” ਆਦਿ

ਪੁਰਾਤਨ ਸਮੇਂ ਦੌਰਾਨ ਖੇਤੀ ਬਲਦਾਂ,ਊਠਾਂ,ਝੋਟਿਆਂ ਆਦਿ ਨਾਲ ਰਵਾਇਤੀ ਢੰਗਾਂ ਨਾਲ ਕੀਤੀ ਜਾਂਦੀ ਸੀ|ਉਸ ਸਮੇਂ ਦੌਰਾਨ ਖੇਤੀਬਾੜੀ ਲਈ ਕਿਸੇ ਵੀ ਪਰਕਾਰ ਦੀ ਤਕਨੀਕ ਵਿਕਸਿਤ ਨਾਂ ਹੋਣ ਕਰਕੇ ਕਿਸਾਨਾਂ ਤੇ ਬਲਦਾਂ ਦੀ ਜਾਨ ਹਰ ਵੇਲੇ ਔਖੀ ਰਹਿੰਦੀ ਸੀ |
ਸਭ ਤੋਂ ਪਹਿਲਾਂ ‘ਹੈਨਰੀ ਫੋਰਡ’ ਨੇ 1903 ਤੱਕ ਕਾਰਾਂ ਬਣਾਉਣ ਦਾ ਕੰਮ ਕੀਤਾ। ਉਸਤੋਂ ਬਾਅਦ ਉਸਦੇ ਦਿਮਾਗ ਵਿੱਚ ਟਰੈਕਟਰ ਬਣਾਉਣ ਦਾ ਵਿਚਾਰ ਆਇਆ। ਕਿਉਂਕਿ ਹੈਨਰੀ ਫੋਰਡ ਇੱਕ ਕਿਸਾਨ ਦੇ ਪਰਿਵਾਰ ਦਾ ਸੀ।ਹੈਨਰੀ ਫੋਰਡ ਨੇ 1916ਚ ਪਹਿਲਾ ਟਰੈਕਟਰ ਬਣਾਇਆ ਜਿਸਦਾ ਨਾਮ ‘ਦ ਮੋਮ’ ਟਰੈਕਟਰ ਰੱਖਿਆ।

ਉਸ ਸਮੇ ਉਹ ਟਰੈਕਟਰ ਦਾ ਨਾਮ ਫੋਰਡ ਨਹੀਂ ਰੱਖ ਸਕਦੇ ਸਨ ਕਿਉਂਕਿ ਮਾਰਕੀਟ ਵਿੱਚ ‘ਫੋਰਡ ਮੋਟਰ ਕੰਪਨੀ’ ਪਹਿਲਾਂ ਤੋਂ ਹੀ ਕਿਸੇ ਹੋਰ ਕੋਲ ਚੱਲ ਰਹੀ ਸੀ ।ਇਸਤੋਂ ਬਾਅਦ 1920 ਵਿੱਚ ਹੈਨਰੀ ਫੋਰਡ ਨੇ ਪਹਿਲਾਂ ਤੋਂ ਚੱਲ ਰਹੀ ਫੋਰਡ ਮੋਟਰ ਕੰਪਨੀ ਨੂੰ ਖਰੀਦ ਲਿਆ ਅਤੇ ਉਸਦੇ ਟਰੈਕਟਰ ‘ਫੋਰਡਸਨ’ ਨਾਮ ਤੋਂ ਬਣਨੇ ਸ਼ੁਰੂ ਹੋਏ, 1920 ਤੋਂ 1964 ਤੱਕ ਇਹ ‘ਫੋਰਡਸਨ’ ਨਾਮ ਨਾਲ ਹੀ ਆਉਂਦੇ ਸਨ। ਫਿਰ 1964 ਤੋਂ ਬਾਅਦ ਕੰਪਨੀ ਦੇ ਸਾਰੇ ਟਰੈਕਟਰ ‘ਫੋਰਡ’ ਨਾਮ ਆਉਣੇ ਸ਼ੁਰੂ ਹੋਏ।ਪਹਿਲਾਂ ਫੋਰਡ ਦੇ ਟਰੈਕਟਰਾਂ ਵਿੱਚ ਬ੍ਰੇਕਾਂ ਨਹੀਂ ਹੁੰਦੀਆਂ ਸਨ ਇਹ ਕਲੱਚ ਨੂੰ ਨੱਪ ਕੇ ਹੀ ਰੁਕ ਜਾਂਦੇ ਸਨ ਕਿਉਂਕਿ ਇਨ੍ਹਾਂ ਦੀ ਰਫਤਾਰ ਬਹੁਤ ਹੌਲੀ ਹੁੰਦੀ ਸੀ
ਅਤੇ ਪਹਿਲਾਂ ਇਹ ਟਰੈਕਟਰ ਮਿੱਟੀ ਦੇ ਤੇਲ ਨਾਲ ਚਲਦੇ ਸਨ, ਇਹਨਾਂ ਨੂੰ ਗੈਸੋਲੀਨ ਨਾਲ ਸਟਾਰਟ ਕਰਕੇ ਫਿਰ ਮਿੱਟੀ ਦੇ ਤੇਲ ਤੇ ਕਰ ਦਿੱਤਾ ਜਾਂਦਾ ਸੀ। ਸ਼ੁਰੂ ਵਿੱਚ ਇਨ੍ਹਾਂ ਟਰੈਕਟਰਾਂ ਦੇ ਟਾਇਰ ਵੀ ਸਟੀਲ ਦੇ ਬਣੇ ਹੋਏ ਹੁੰਦੇ ਸਨ। ਅਤੇ ਇਹਨਾਂ ਟਰੈਕਟਰਾਂ ਵਿੱਚ ਹਾਈਡ੍ਰੌਲਿਕ ਸਿਸਟਮ ਵੀ ਨਹੀਂ ਸੀ।ਉਸਤੋਂ ਬਾਅਦ 1940 ਵਿੱਚ ਹੈਨਰੀ ਫੋਰਡ ਨੇ ਮੈਸੀ ਫਰਗੂਸਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਸੋਚਿਆ ਕਿ ਟਰੈਕਟਰਾਂ ਵਿੱਚ ਕੋਈ ਨਵੀ ਤਕਨੀਕ ਲਿਆਂਦੀ ਜਾਵੇ। ਅਤੇ ਇਸਤੋਂ ਬਾਅਦ ਹੀ ਫੋਰਡ ਅਤੇ ਮੈਸੀ ਟਰੈਕਟਰਾਂ ਵਿੱਚ ਲਿਫਟ ਸਿਸਟਮ ਦੀ ਸ਼ੁਰੂਆਤ ਹੋਈ।

ਲੱਖਾ ਸਿੱਧੂ

ਗਿਆਨ

ਅੱਜ ਕਲ ਹਰ ਕੋਈ ਹੇਠਲੀ ਫੋਟੋ ਵਾਂਗ ਗਿਆਨ ਵੰਡਦਾ
ਕਿਹੜੇ ਕਿਹੜੇ ਮਸਲਿਆਂ ਤੇ——

ਪਰਾਲੀ ਨੂੰ ਅੱਗ ਨਾਂ ਲਾਉ,
ਦਾਜ ਨਾਂ ਲਵੋ ਨਾਂ ਦਿਓ,
ਗਾਇਕ ਲੱਚਰ ਗੀਤ ਗਾਉਂਦੇ ਆ,
ਸਭਿਆਚਾਰ ਨੂੰ ਮੌਤ ਪੈਂਦੀ ਆ,
ਕਿਸਾਨੋ ਖੁਦਕੁਸ਼ੀ ਕੋਈ ਹੱਲ ਨੀਂ
ਭਰੂਣ ਹੱਤਿਆ ਨਾਂ ਕਰੋ,
ਨਸ਼ੇ ਛੱਡੋ ਕੋਹੜ ਕੱਢੋ,
ਪੰਜਾਬ ਚ ਕੁਸ਼ ਰਿਹਾ ਨੀਂ,
ਪਰਾਲੀ ਨਾਲ ਈ ਪ੍ਦੂਸ਼ਣ ਹੁੰਦਾ
ਓ ਡੇਰੇ ਬਹੁਤ ਸੁਖ ਪੂਰੀ ਹੁੰਦੀ ਆ
ਸਰਕਾਰੀ ਸਕੂਲਾਂ ਚ ਜਵਾਕ ਨਾਂ ਪੜਾਓ
ਮਾਸਟਰ ਮੁਫਤ ਦੀ ਤਨਖਾਹ ਕੁਟਦੇ ਆ
ਮੀਡੀਆ ਤਾਂ ਮੋਦੀ ਦਾ
ਰੁੱਖ ਨਾਂ ਵੱਢੋ
ਪਾਣੀ ਬਚਾਓ
ਧੀਆਂ ਦਾ ਸਤਿਕਾਰ ਕਰੋ
ਅੰਬਾਨੀ,ਅੰਡਾਨੀ ਦੇਸ ਚਲਾਉਂਦੇ ਆ
ਬਾਹਰਲੇ ਮੁਲਕਾਂ ਚ ਤਾਂ ਐਸ਼ ਆ,
ਸਰਕਾਰੀ ਮੁਲਾਜਮ ਵਿਹਲੇ ਖਾਂਦੇ ਆ
ਜਵਾਕ ਕੰਮ ਕਰਕੇ ਰਾਜੀ ਨੀਂ
ਅਸੀ ਆਵਦੇ ਟੈਮ ਚ ਬਹੁਤ ਕੰਮ ਕੀਤਾ
ਖੇਤੀ ਚ ਬਚਦਾ ਕੁਸ਼ ਨੀਂ,
ਪੰਜਾਬ ਚੋਂ ਪਾਣੀ ਮੁੱਕ ਜੂ,
ਪੰਜਾਬ ਚ ਬਈਏ ਰਾਜ ਕਰਨਗੇ,
ਪੰਜਾਬੀ ਭਾਸ਼ਾ 2050 ਤੱਕ ਖਤਮ ਹੋ ਜੂ,
ਪੰਜਾਬ ਚਿੱਟੇ ਨੇ ਖਾ ਲਿਆ,
ਜਵਾਕਾਂ ਨੂੰ ਆਇਲੈਟਸ ਕਰਾਓ
ਸਾਡੀ ਸਿੱਖੀ,ਸਾਡੀਆਂ ਨਸਲਾਂ ਖਤਮ ਆ,
ਖਾਲਿਸਤਾਨ ਇੱਕੋ ਇੱਕ ਹੱਲ,
ਲੀਡਰ ਖਾਗੇ ਪੰਜਾਬ ਨੂੰ,
ਜਨਤਾ ਨੂੰ ਅਕਲ ਨੀਂ
ਝਾੜੂ ਆਲੇ ਚੰਗੇ ਆ
ਸਾਡੇ ਹੱਕ ਨੀਂ ਮਿਲਦੇ,
ਬਾਦਲ ਤੇ ਕੈਵਟਨ ਰਲੇ ਆ,
ਮੋਦੀ ਫੱਟੀ ਪੋਚੂ ਪੰਜਾਬ ਦੀ,
ਸਾਦੇ ਵਿਆਹ ਸਾਦੇ ਭੋਗ
ਨਾਂ ਖੁਦਕੁਸ਼ੀ ਨਾਂ ਚਿੰਤਾ ਰੋਗ,

@ਲੱਖਾ ਸਿੱਧੂ

ਪੱਗਾਂ ਤੋਂ ਕਮਾਈ

ਡਰ ਜਾਂਦੇ ਨੇ ਡਰਾਏ ਤੇ,
ਮੁੰਡਿਆਂ ਦੀ ਅਣਖ ਮਰੀ,
ਪੱਗਾਂ ਬੰਨ੍ਹਣ ਕਿਰਾਏ ਤੇ….

” ਪੱਗ ਬੰਨਣੀ ਸਿੱਖੋ” ,” ਦਸਤਾਰ ਸਿੱਖਲਾਈ ਸੈਂਟਰ”

ਵਿਆਹਾਂ ਦਾ ਸੀਜਨ ਚਲ ਰਿਹਾ ਤੇ ਅੱਜ ਕਲ੍ਹ ਮੋਨੇ ਲਾੜਿਆਂ ਦੇ ਸਿਰਾਂ ਤੇ ਪੱਗਾਂ ਬੰਨਣ ਦਾ ਕੰਮ ਵੀ ਜ਼ੋਰਾਂ ਤੇ ਚਲ ਰਿਹਾ ਹੈ,ਜਿਹੜੇ ਲਾੜੇ ਪੱਗ ਬੰਨਣੀ ਨਹੀਂ ਜਾਣਦੇ ਜਾਂ ਜਿਹੜੇ ਪੱਗ ਬੰਨਣੀ ਸਿੱਖਣਾ ਚਾਹੁੰਦੇ ਆ,ਉਹਨਾਂ ਨੂੰ ਪੈਸੇ ਦੇ ਕੇ ਪੱਗ ਬੰਨਣੀ ਸਿੱਖਣੀ ਪੈਂਦੀ ਆ,ਭਾਂਵੇ ਕੇ ਅਜਿਹੇ ਗੁਰਦੁਆਰੇ ਤੇ ਦਸਤਾਰ ਸਿਖਲਾਈ ਸੈਂਟਰ ਵੀ ਹਨ ਜਿਹਨਾਂ ਵਿਚ ਬਿਨ੍ਹਾਂ ਕਿਸੇ ਲਾਲਚ ਦੇ ਦਸਤਾਰ ਬੰਨਣੀ ਸਿਖਾਈ ਜਾਂਦੀ ਹੈ ਪਰ ਸ਼ਹਿਰਾਂ ਵਿਚ ਅਜਿਹੇ ਸੈਟਰਾਂ ਦੀ ਵੀ ਭਰਮਾਰ ਹੈ ਜਿਹੜੇ ਪੱਗ ਬੰਨਣੀ ਸਿਖਾਉਣ ਦੀ ਰਕਮ ਵਸੂਲ ਕਰਦੇ ਹਨ,ਕਈ ਦਸਤਾਰਧਾਰੀਆਂ ਨੇ ਪੱਗ ਬੰਨਣ ਨੂੰ ਆਪਣਾ ਬਿਜਨੈਸ ਬਣਾ ਰੱਖਿਆ ਹੈ। ਕਿਤੇ ਬਾਹਰਲੇ ਲੋਕ ਇਹ ਨਾਂ ਕਹਿਣ ਲੱਗ ਜਾਣ ਕਿ ” ਪੰਜਾਬ ਦੇ ਸਰਦਾਰ ਪੱਗਾਂ ਦੀ ਵੀ ਕਮਾਈ ਖਾਂਦੇ ਨੇ.”! ਜਿੰਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਓ ਅੱਜ ਪੱਗ ਤੋਂ ਪੈਸੇ ਕਮਾ ਰਹੇ ਨੇ,

ਅੰਗਰੇਜ ਰਾਜ ਵਿਚ ਸਿਖਾਂ ਦੀ ਪਗ ਨੇ ਸਰਕਾਰ ਨੂੰ ਵਡੀ ਚੁਨੌਤੀ ਦਿਤੀ। ਸਰਦਾਰ ਸੋਹਣ ਸਿੰਘ ਜੋਸ਼ ਨੇ ਆਪਣੀ ਕਿਤਾਬ “ ਅਕਾਲੀ ਮੋਰਚਿਆਂ ਦਾ ਇਤਿਹਾਸ “ ਵਿਚ ਲਿਖਿਆ ਹੈ ਕਿ ਕਾਲੀ ਪਗੜੀ ਬੰਨਣਾ ਜੁਰਮ ਬਣ ਗਿਆ ਸੀ। ਅੰਗਰੇਜ ਸਰਕਾਰ ਜਿਉਂ ਜਿਉਂ ਕਾਲੀ ਪਗ ਬੰਨਣ ਤੇ ਸਖਤੀ ਕਰਦੀ ਤਿਉਂ ਤਿਉਂ ਪਿੰਡਾਂ ਦੇ ਪਿੰਡ ਕਾਲੀ ਪਗ ਬੰਨਦੇ ਜਾਂਦੇ। ਪਿੰਡਾਂ ਅੰਦਰ ਵਡੀਆਂ ਵਡੀਆਂ ਤੇਗਾਂ ’ਚ ਕਾਲਾ ਰੰਗ ਪਾ ਕੇ ਉਬਾਲਿਆ ਜਾਂਦਾ ਤੇ ਸਾਰੇ ਪਿੰਡ ਦੇ ਸਿਖਾਂ ਦੀਆਂ ਪਗਾਂ ਰੰਗੀਆਂ ਜਾਂਦੀਆਂ ਸਨ। ਦਰਅਸਲ ਉਸ ਵੇਲੇ ਅਕਾਲੀ ਮੋਰਚਿਆਂ ‘ਚ ਸ਼ਾਮਲ ਹੋਣ ਵਾਲੇ ਸਿਖ ਖਾਸ ਤੌਰ ਤੇ ਕਾਲੀ ਪਗ ਬੰਨ ਕੇ ਜਾਂਦੇ ਸਨ। ਕਾਲੀ ਪਗ ਸਿਖਾਂ ਦੀ ਅੰਗਰੇਜ ਸਰਾਕਰ ਦੇ ਖਿਲਾਫ਼ ਇਕਜੁਟਤਾ ਦਾ ਪ੍ਰਤੀਕ ਬਣ ਗਈ ਸੀ।
ਆਪਣੀ ਪਗ ਲਈ ਸਿਖਾਂ ਨੇ ਵਡੀ ਤਦਾਦ ’ਚ ਆਪਣੀਆਂ ਜਾਨਾਂ ਵੀ ਗੁਵਾਈਆਂ। ਨਵੰਬਰ ਸੰਨ ਚੁਰਾਸੀ ਵਿਚ ਸਿਖਾਂ ਦੀ ਨਸਲਕੁਸ਼ੀ ਲਈ ਸੜਕਾਂ ਤੇ ਨਿਕਲ ਆਈ ਭੀੜ ਪਗਾਂ ਲਭਦੀ ਫਿਰ ਰਹੀ ਸੀ। ਹਜਾਰਾਂ ਸਿਖਾਂ ਦੀ ਜਾਨ ਇਸ ਕਰ ਕੇ ਚਲੀ ਗਈ ਕਿ ਉਨ੍ਹਾਂ ਨੇ ਪਗ ਬੰਨੀ ਹੋਈ ਸੀ। ਪੰਦ੍ਰਹ – ਵੀਹ ਦਿਨ ਤਕ ਸੜਕਾਂ ਤੇ ਸਿਖ ਨਜਰ ਨਹੀਂ ਆਏ ਕਿਉਂਕਿ ਪਗ ਉਨ੍ਹਾਂ ਦੀ ਪਛਾਣ ਸੀ ਤੇ ਇਸ ਕਾਰਣ ਉਹ ਦੰਗਾਇਆਂ ਦਾ ਨਿਸ਼ਾਨਾ ਆਸਾਨੀ ਨਾਲ ਬਣ ਸਕਦੇ ਸਨ। ਇਕ ਲੰਬਾ ਦੌਰ ਇਹ ਵੀ ਗੁਜਰਿਆ ਜਦੋਂ ਪੰਜਾਬ ਅੰਦਰ ਅਤਵਾਦ ਸਰਗਰਮ ਸੀ ਤੇ ਪੰਜਾਬ ਤੋਂ ਬਾਹਰ ਕਿਸੇ ਵੀ ਜਨਤਕ ਥਾਂ ’ਤੇ ਸੜਕ ਚਲਦੀਆਂ ਵੀ ਜੇ ਕੋਈ ਪਗ ਬੰਨਿਆ ਸਿਖ ਵਿਖਾਈ ਦੇ ਜਾਂਦਾ ਸਥਾਨਕ ਸ਼ਰਾਰਤੀ ਤਤ ਉਗਰਵਾਦੀ ਕਹਿ ਕੇ ਤਾਹਨੇ ਮਾਰਨੋ ਨਹੀ ਹਟਦੇ ਸਨ।

@ ਲੱਖਾ ਸਿੱਧੂ

ਸਿਨੇਮੇ ਦਾ ਪਭਾਵਸ਼ਾਲੀ ਅਦਾਕਾਰ

               ਮਹਾਬੀਰ ਭੁੱਲਰ, ਇੱਕ ਅੈਸਾ ਨਾਮ ਜੋ ਪੰਜਾਬੀ ਅਤੇ ਹਿੰਦੀ ਸਿਨੇਮਾ ਚ ਅਾਪਣੀ ਦਮਦਾਰ ਅਦਾਕਾਰੀ ਸਦਕਾ ਇੱਕ ਵਿਲੱਖਣ ਥਾਂ ਰੱਖਦਾ ਹੈ ।ਮਹਾਬੀਰ ਸਿੰਘ ਭੁੱਲਰ ਪੰਜਾਬੀ ਸਿਨੇਮਾ ਦੇ ਨਾਲ ਨਾਲ ਹਿੰਦੀ ਸਿਨੇਮਾ ਦਾ ਉਹ ਅਦਾਕਾਰ ਹੈ ਜਿਸ ਦੀ ਅਦਾਕਾਰੀ ਹਰ ਦੇਖਣ ਵਾਲੇ ਨੂੰ ਪ੍ਭਾਵਿਤ ਕਰਦੀ ਹੈ ।ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਮਹਾਬੀਰ ਭੁੱਲਰ ਬਹੁਤ ਹੀ ਸਾਦਾ ਜੀਵਨ ਜਿਉਂਦੇ ਹਨ। ਮੁੰਬਈ ਵਰਗੇ ਸ਼ਹਿਰ ਵਿੱਚ ਘਰ ਹੋਣ ਦੇ ਬਾਵਜੂਦ ਮਹਾਬੀਰ ਭੁੱਲਰ ਤਰਨਤਾਰਨ ਦੇ ਪਿੰਡ ਭੁੱਲਰ ਵਿੱਚ ਰਹਿ ਕੇ ਅਦਾਕਾਰੀ ਦੇ ਨਾਲ ਨਾਲ ਖੇਤੀ ਕਰ ਰਹੇ ਹਨ । ਅੱਜ ਵੀ ਉਹ ਆਪਣੇ ਮਾਲ ਡੰਗਰ ਨੂੰ ਪੱਠੇ ਖੁਦ ਪਾਉਂਦੇ ਹਨ |ਅੱਜ ਉਹ ਵੀ ਆਪਣੇ ਪਰਿਵਾਰ ਦੀ ਪਾਈ ਪਿਰਤ ਤੇ ਚੱਲਦੇ ਹੋਏ ਅਦਾਕਾਰੀ ਦੇ ਨਾਲ ਨਾਲ ਖੇਤੀ ਕਰ ਰਹੇ ਹਨ । ਮਹਾਬੀਰ ਭੁੱਲਰ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਉਹ ਦੱਸਦੇ ਹਨ ਕਿ ਬਚਪਨ ਵਿੱਚ ਉਹਨਾਂ ਨੇ ਜਦੋਂ ਪਹਿਲੀ ਵਾਰ ਆਪਣੇ ਤਾਇਆ ਜੀ ਨਾਲ ਸਿਨੇਮਾ ਵਿੱਚ ਫ਼ਿਲਮ ਦੇਖੀ ਸੀ ਤਾਂ ਉਹਨਾਂ ਨੂੰ ਪਰਦੇ ਤੇ ਦਿਖਾਈ ਦੇਣ ਵਾਰੇ ਕਿਰਦਾਰਾ ਨੇ ਏਨਾਂ ਪ੍ਰਭਾਵਿਤ ਕੀਤਾ ਕਿ ਉਹ ਇਸੇ ਰਾਹ ਤੇ ਤੁਰ ਪਏ ।ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਏ ਥਿਏਟਰ ਕੀਤੀ ਤੇ ਬਾਅਦ ਵਿੱਚ ਦਿੱਲੀ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਡਿਪਲੋਮਾ ਕੀਤਾ । ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਪਹਿਲੀ ਫ਼ਿਲਮ ਨਸੀਰੂਦੀਨ ਨਾਲ ਫ਼ਿਲਮ ‘ਮਿਰਚ ਮਸਾਲਾ’ ਵਿੱਚ ਕੰਮ ਕੀਤਾ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਘਾਇਲ, ਦਾਮਿਨੀ, ਜੀਤ, ਵਿਸ਼ਨੂੰ ਦੇਵਾ, ਬਾਰਡਰ, ਸ਼ਕਤੀ ਦਾ ਪਾਵਰ ਸਮੇਤ ਕਈ ਵੱਡੇ ਬੈਨਰ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਇਸ ਤੋਂ ਇਲਾਵਾ ਛੋਟੇ ਪਰਦੇ ਦੇ ਕਈ ਲੜੀਵਾਰ ਨਾਟਕਾਂ ਵਿੱਚ ਵੀ ਉਹਨਾਂ ਨੇ ਬਾਕਮਾਲ ਅਦਾਕਾਰੀ ਦਿਖਾਈ ।ਪਰ ਇਸ ਸਭ ਦੇ ਚਲਦੇ ਮਹਾਬੀਰ ਭੁੱਲਰ ਦੇ ਜੀਵਨ ਵਿੱਚ ਵਾਪਰੀ ਇੱਕ ਘਟਨਾ ਨੇ, ਉਹਨਾਂ ਨੂੰ ਤਰਨਤਾਰਨ ਆਉਣ ਲਈ ਮਜ਼ਬੂਰ ਕਰ ਦਿੱਤਾ ਦਰਅਸਲ ਉਹਨਾਂ ਦੇ ਭਰਾ ਦੀ ਮੌਤ ਹੋ ਗਈ ਸੀ । ਘਰ ਦੀ ਜ਼ਿੰਮੇਵਾਰੀ ਉਹਨਾਂ ਤੇ ਆ ਗਈ ਸੀ ਜਿਸ ਕਰਕੇ ਉਹ ਮੁੰਬਈ ਵਿੱਚ ਆਪਣਾ ਸਭ ਕੁਝ ਛੱਡ ਪਿੰਡ ਭੁੱਲਰ ਆ ਗਏ ।ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਮਹਾਬੀਰ ਭੁੱਲਰ ਨੇ ਦੂਜੀ ਪਾਰੀ ਦੀ ਸ਼ੁਰੂਆਤ ਸਰਦਾਰ ਸੋਹੀ ਦੇ ਲੜੀਵਾਰ ਨਾਟਕ ‘ਆਲ੍ਹਣਾ’ ਤੋਂ ਕੀਤੀ । ਮਹਾਵੀਰ ਭੁੱਲਰ ਨੇ ਕਬੱਡੀ ਵਨਸ ਅਗੇਨ, ਅੰਨੇ ਘੋੜੇ ਦਾ ਦਾਨ, ਬੰਬੂਕਾਟ, ਰਾਕੀ ਮੈਂਟਲ,ਭਲਵਾਨ ਸਿੰਘ,ਦਾਣਾ ਪਾਣੀ,ਸਾਕ ਸਮੇਤ ਕਈ ਵੱਡੀਆਂ ਪੰਜਾਬੀ ਫ਼ਿਲਮਾਂ ਵਿੱਚ ਅਹਿਮ ਰੋਲ ਨਿਭਾਏ ਹਨ ਤੇ ਉਹਨਾਂ ਦਾ ਇਹ ਫ਼ਿਲਮੀ ਸਫ਼ਰ ਲਗਾਤਾਰ ਜਾਰੀ ਹੈ ।                                      ਲੱਖਾ ਸਿੱਧੂ

Design a site like this with WordPress.com
ਚਲੋ ਸ਼ੁਰੂ ਕਰੀਏ!