ਡਰ ਜਾਂਦੇ ਨੇ ਡਰਾਏ ਤੇ,
ਮੁੰਡਿਆਂ ਦੀ ਅਣਖ ਮਰੀ,
ਪੱਗਾਂ ਬੰਨ੍ਹਣ ਕਿਰਾਏ ਤੇ….
” ਪੱਗ ਬੰਨਣੀ ਸਿੱਖੋ” ,” ਦਸਤਾਰ ਸਿੱਖਲਾਈ ਸੈਂਟਰ”
ਵਿਆਹਾਂ ਦਾ ਸੀਜਨ ਚਲ ਰਿਹਾ ਤੇ ਅੱਜ ਕਲ੍ਹ ਮੋਨੇ ਲਾੜਿਆਂ ਦੇ ਸਿਰਾਂ ਤੇ ਪੱਗਾਂ ਬੰਨਣ ਦਾ ਕੰਮ ਵੀ ਜ਼ੋਰਾਂ ਤੇ ਚਲ ਰਿਹਾ ਹੈ,ਜਿਹੜੇ ਲਾੜੇ ਪੱਗ ਬੰਨਣੀ ਨਹੀਂ ਜਾਣਦੇ ਜਾਂ ਜਿਹੜੇ ਪੱਗ ਬੰਨਣੀ ਸਿੱਖਣਾ ਚਾਹੁੰਦੇ ਆ,ਉਹਨਾਂ ਨੂੰ ਪੈਸੇ ਦੇ ਕੇ ਪੱਗ ਬੰਨਣੀ ਸਿੱਖਣੀ ਪੈਂਦੀ ਆ,ਭਾਂਵੇ ਕੇ ਅਜਿਹੇ ਗੁਰਦੁਆਰੇ ਤੇ ਦਸਤਾਰ ਸਿਖਲਾਈ ਸੈਂਟਰ ਵੀ ਹਨ ਜਿਹਨਾਂ ਵਿਚ ਬਿਨ੍ਹਾਂ ਕਿਸੇ ਲਾਲਚ ਦੇ ਦਸਤਾਰ ਬੰਨਣੀ ਸਿਖਾਈ ਜਾਂਦੀ ਹੈ ਪਰ ਸ਼ਹਿਰਾਂ ਵਿਚ ਅਜਿਹੇ ਸੈਟਰਾਂ ਦੀ ਵੀ ਭਰਮਾਰ ਹੈ ਜਿਹੜੇ ਪੱਗ ਬੰਨਣੀ ਸਿਖਾਉਣ ਦੀ ਰਕਮ ਵਸੂਲ ਕਰਦੇ ਹਨ,ਕਈ ਦਸਤਾਰਧਾਰੀਆਂ ਨੇ ਪੱਗ ਬੰਨਣ ਨੂੰ ਆਪਣਾ ਬਿਜਨੈਸ ਬਣਾ ਰੱਖਿਆ ਹੈ। ਕਿਤੇ ਬਾਹਰਲੇ ਲੋਕ ਇਹ ਨਾਂ ਕਹਿਣ ਲੱਗ ਜਾਣ ਕਿ ” ਪੰਜਾਬ ਦੇ ਸਰਦਾਰ ਪੱਗਾਂ ਦੀ ਵੀ ਕਮਾਈ ਖਾਂਦੇ ਨੇ.”! ਜਿੰਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਓ ਅੱਜ ਪੱਗ ਤੋਂ ਪੈਸੇ ਕਮਾ ਰਹੇ ਨੇ,

ਅੰਗਰੇਜ ਰਾਜ ਵਿਚ ਸਿਖਾਂ ਦੀ ਪਗ ਨੇ ਸਰਕਾਰ ਨੂੰ ਵਡੀ ਚੁਨੌਤੀ ਦਿਤੀ। ਸਰਦਾਰ ਸੋਹਣ ਸਿੰਘ ਜੋਸ਼ ਨੇ ਆਪਣੀ ਕਿਤਾਬ “ ਅਕਾਲੀ ਮੋਰਚਿਆਂ ਦਾ ਇਤਿਹਾਸ “ ਵਿਚ ਲਿਖਿਆ ਹੈ ਕਿ ਕਾਲੀ ਪਗੜੀ ਬੰਨਣਾ ਜੁਰਮ ਬਣ ਗਿਆ ਸੀ। ਅੰਗਰੇਜ ਸਰਕਾਰ ਜਿਉਂ ਜਿਉਂ ਕਾਲੀ ਪਗ ਬੰਨਣ ਤੇ ਸਖਤੀ ਕਰਦੀ ਤਿਉਂ ਤਿਉਂ ਪਿੰਡਾਂ ਦੇ ਪਿੰਡ ਕਾਲੀ ਪਗ ਬੰਨਦੇ ਜਾਂਦੇ। ਪਿੰਡਾਂ ਅੰਦਰ ਵਡੀਆਂ ਵਡੀਆਂ ਤੇਗਾਂ ’ਚ ਕਾਲਾ ਰੰਗ ਪਾ ਕੇ ਉਬਾਲਿਆ ਜਾਂਦਾ ਤੇ ਸਾਰੇ ਪਿੰਡ ਦੇ ਸਿਖਾਂ ਦੀਆਂ ਪਗਾਂ ਰੰਗੀਆਂ ਜਾਂਦੀਆਂ ਸਨ। ਦਰਅਸਲ ਉਸ ਵੇਲੇ ਅਕਾਲੀ ਮੋਰਚਿਆਂ ‘ਚ ਸ਼ਾਮਲ ਹੋਣ ਵਾਲੇ ਸਿਖ ਖਾਸ ਤੌਰ ਤੇ ਕਾਲੀ ਪਗ ਬੰਨ ਕੇ ਜਾਂਦੇ ਸਨ। ਕਾਲੀ ਪਗ ਸਿਖਾਂ ਦੀ ਅੰਗਰੇਜ ਸਰਾਕਰ ਦੇ ਖਿਲਾਫ਼ ਇਕਜੁਟਤਾ ਦਾ ਪ੍ਰਤੀਕ ਬਣ ਗਈ ਸੀ।
ਆਪਣੀ ਪਗ ਲਈ ਸਿਖਾਂ ਨੇ ਵਡੀ ਤਦਾਦ ’ਚ ਆਪਣੀਆਂ ਜਾਨਾਂ ਵੀ ਗੁਵਾਈਆਂ। ਨਵੰਬਰ ਸੰਨ ਚੁਰਾਸੀ ਵਿਚ ਸਿਖਾਂ ਦੀ ਨਸਲਕੁਸ਼ੀ ਲਈ ਸੜਕਾਂ ਤੇ ਨਿਕਲ ਆਈ ਭੀੜ ਪਗਾਂ ਲਭਦੀ ਫਿਰ ਰਹੀ ਸੀ। ਹਜਾਰਾਂ ਸਿਖਾਂ ਦੀ ਜਾਨ ਇਸ ਕਰ ਕੇ ਚਲੀ ਗਈ ਕਿ ਉਨ੍ਹਾਂ ਨੇ ਪਗ ਬੰਨੀ ਹੋਈ ਸੀ। ਪੰਦ੍ਰਹ – ਵੀਹ ਦਿਨ ਤਕ ਸੜਕਾਂ ਤੇ ਸਿਖ ਨਜਰ ਨਹੀਂ ਆਏ ਕਿਉਂਕਿ ਪਗ ਉਨ੍ਹਾਂ ਦੀ ਪਛਾਣ ਸੀ ਤੇ ਇਸ ਕਾਰਣ ਉਹ ਦੰਗਾਇਆਂ ਦਾ ਨਿਸ਼ਾਨਾ ਆਸਾਨੀ ਨਾਲ ਬਣ ਸਕਦੇ ਸਨ। ਇਕ ਲੰਬਾ ਦੌਰ ਇਹ ਵੀ ਗੁਜਰਿਆ ਜਦੋਂ ਪੰਜਾਬ ਅੰਦਰ ਅਤਵਾਦ ਸਰਗਰਮ ਸੀ ਤੇ ਪੰਜਾਬ ਤੋਂ ਬਾਹਰ ਕਿਸੇ ਵੀ ਜਨਤਕ ਥਾਂ ’ਤੇ ਸੜਕ ਚਲਦੀਆਂ ਵੀ ਜੇ ਕੋਈ ਪਗ ਬੰਨਿਆ ਸਿਖ ਵਿਖਾਈ ਦੇ ਜਾਂਦਾ ਸਥਾਨਕ ਸ਼ਰਾਰਤੀ ਤਤ ਉਗਰਵਾਦੀ ਕਹਿ ਕੇ ਤਾਹਨੇ ਮਾਰਨੋ ਨਹੀ ਹਟਦੇ ਸਨ।
@ ਲੱਖਾ ਸਿੱਧੂ